ਅਨਮੋਲ ਗਗਨ ਮਾਨ

‘ਆਪ’ MLA ਅਨਮੋਲ ਗਗਨ ਮਾਨ ਵੱਲੋਂ ਸਿਆਸਤ ਛੱਡਣ ਦਾ ਫੈਸਲਾ, ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫਾ

ਖਰੜ, 19 ਜੁਲਾਈ 2025: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕਾ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ | ਅਨਮੋਲ ਗਗਨ ਮਾਨ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਨ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜ ਦਿੱਤਾ ਹੈ |

ਵਿਧਾਇਕਾ ਅਨਮੋਲ ਗਗਨ ਮਾਨ ਨੇ ਫੇਸਬੁੱਕ ‘ਤੇ ਇੱਕ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ | ਉਨ੍ਹਾਂ ਕਿਹਾ ਕਿ “ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ ਵਿਧਾਇਕ ਦੇ ਅਹੁਦੇ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੀਆਂ ਸ਼ੁਭਕਾਮਨਾਵਾਂ ਆਮ ਆਦਮੀ ਪਾਰਟੀ ਨਾਲ ਹਨ ਅਤੇ ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ |

ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ (Anmol Gagan Mann) ਸਿਆਸਤ ‘ਚ ਆਉਣ ਤੋਂ ਪਹਿਲਾਂ ਪੰਜਾਬੀ ਗਾਇਕਾ ਵੀ ਹਨ | ਉਨ੍ਹਾਂ ਨੇ ਸਾਲ 2022 ‘ਚ ਖਰੜ ਤੋਂ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਬਿਨਟ ਮੰਤਰੀ ਬਣਾਇਆ ਗਿਆ ਸੀ। ਹਾਲਾਂਕਿ, ਸਤੰਬਰ 2024 ‘ਚ ਕੈਬਨਿਟ ਫੇਰਬਦਲ ਤੋਂ ਬਾਅਦ ਉਨ੍ਹਾਂ ਨੂੰ ਕੈਬਿਨਟ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਮੰਤਰੀ ਬਣੀ ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਰੂਪ ‘ਚ ਮਾਨਸਾ ਜ਼ਿਲ੍ਹੇ ਦੀ ਹੈ। ਹਾਲਾਂਕਿ, ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ‘ਚ ਬਿਤਾਇਆ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਹ ਪੰਜਾਬੀ ਸੰਗੀਤ ਜਗਤ ‘ਚ ਆਈ ਅਤੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ‘ਚ ਕੰਮ ਕੀਤਾ।

ਜਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਦਾ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਵਿਆਹ ਪਿਛਲੇ ਸਾਲ 16 ਜੂਨ 2024 ਨੂੰ ਹੋਇਆ ਸੀ। ਉਨ੍ਹਾਂ ਨੇ ਲਾਵਾਂ (ਆਨੰਦ ਕਾਰਜ) ਨੂੰ ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਖੇ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਕੀਤਾ।

Read More: MLA ਅਨਮੋਲ ਗਗਨ ਮਾਨ ਨੇ ਨਿੱਝਰ ਚੌਂਕ ਤੋਂ ਬਰਿਆਲੀ ਨਦੀ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ

Scroll to Top