ਚੰਡੀਗੜ੍ਹ, 5 ਅਪ੍ਰੈਲ 2024: ਆਮ ਆਦਮੀ ਪਾਰਟੀ (AAP) ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਭੁੱਖ ਹੜਤਾਲ ਕਰਨ ਜਾ ਰਹੀ ਹੈ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਪਿੰਡ ਖਟਕੜ ਕਲਾਂ (Khatkar Kalan) ਵਿੱਚ ਸਮੂਹਿਕ ਭੁੱਖ ਹੜਤਾਲ ਕਰਨ ਦੀ ਰਣਨੀਤੀ ਬਣਾਈ ਹੈ।
ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਵੱਲੋਂ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਵੀ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਮੱਦੇਨਜਰ ਮੁੱਖ ਮੰਤਰੀ ‘ਆਪ’ ਆਗੂਆਂ ਦੇ ਨਾਲ-ਨਾਲ ਵਲੰਟੀਅਰਾਂ ਨੂੰ ਵੀ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਇਹ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਇਸ ਮਹੀਨੇ ਮੁੱਖ ਮੰਤਰੀ ਗੁਆਂਢੀ ਸੂਬੇ ਹਰਿਆਣਾ ਸਮੇਤ ਕਈ ਸੂਬਿਆਂ ਦਾ ਦੌਰਾ ਵੀ ਕਰਨਗੇ।
‘ਭਲਕੇ ਯਾਨੀ 6 ਅਪ੍ਰੈਲ ਨੂੰ ਦੁਪਹਿਰ 12 ਵਜੇ ਮੋਗਾ ਅਤੇ 3 ਵਜੇ ਜਲੰਧਰ ਵਿਖੇ ਵਲੰਟੀਅਰ ਮਿਲਣੀ ਕੀਤੀ ਜਾਵੇਗੀ । ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਆਗੂਆਂ ਦੀ ਬੈਠਕ ਰੱਖੀ ਗਈ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ‘ਚ ਮੁੱਖ ਮੰਤਰੀ ਖੁਦ ਸ਼ਿਰਕਤ ਕਰਨਗੇ। ਪਾਰਟੀ (AAP) ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ: ਸੰਦੀਪ ਪਾਠਕ ਵੀ ਪੰਜਾਬ ਦੌਰੇ ‘ਤੇ ਹਨ।