July 7, 2024 5:47 pm
Javeer Singh Shergill

ਚੋਣ ਵਾਅਦੇ ਤੋੜ ਕੇ ‘ਆਪ’ ਧੋਖਾਧੜੀ ਦੇ ਸਾਰੇ ਰਿਕਾਰਡ ਤੋੜ ਰਹੀ ਹੈ: ਜੈਵੀਰ ਸਿੰਘ ਸ਼ੇਰਗਿੱਲ

ਚੰਡੀਗੜ੍ਹ, 4 ਜਨਵਰੀ 2023: ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਚੋਣ ਵਾਅਦਿਆਂ ‘ਚੋਂ ਇਕ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ‘ਚ ਨਾਕਾਮ ਰਹਿਣ ‘ਤੇ ਵਰ੍ਹਦਿਆਂ, ‘ਆਪ’ ਦੇ ਰਾਸ਼ਟਰੀ ਸ. ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ‘ਤੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਅਤੇ ਉਨ੍ਹਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ ਭਗਵਾ ਪਾਰਟੀ ਦੇ ਉੱਘੇ ਜੱਟ ਸਿੱਖ ਚਿਹਰੇ ਸ਼ੇਰਗਿੱਲ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਪੰਜਾਬ ਵਿੱਚ ‘ਆਪ’ ਸਰਕਾਰ ਲੁਭਾਉਣੇ ਅਤੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ। ਇਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਪੰਜਾਬ ਦੀਆਂ ਔਰਤਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਆਰਥਿਕਤਾ ਢਹਿ-ਢੇਰੀ ਹੋ ਰਹੀ ਹੈ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਮਾਨ ਸਰਕਾਰ ਕੋਲ ਪੈਸੇ ਨਹੀਂ ਹਨ।

ਸ਼ੇਰਗਿੱਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1.3 ਕਰੋੜ ਦੇ ਕਰੀਬ ਮਹਿਲਾ ਵੋਟਰ ਹਨ। ਜੇਕਰ ਸਾਰੀਆਂ 1.3 ਕਰੋੜ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ, ਤਾਂ ਇਸ ਲਈ ਸਾਲਾਨਾ 15,600 ਕਰੋੜ ਰੁਪਏ ਦੀ ਲੋੜ ਪਵੇਗੀ, ਜਦੋਂ ਕਿ ਅਸਲੀਅਤ ਇਹ ਹੈ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ ਅਤੇ ‘ਆਪ’ ਸਰਕਾਰ ਨੇ ਪਹਿਲਾਂ ਹੀ 9 ਮਹੀਨਿਆਂ ਵਿੱਚ 30,000 ਕਰੋਡ਼ ਰੁਪਏ ਦਾ ਵੱਡਾ ਕਰਜ਼ਾ ਲਿਆ ਹੋਇਆ ਹੈ| ਇਸ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਨ੍ਹਾਂ ਸਾਰੇ ਵਾਅਦਿਆਂ ਨੂੰ ਤੋੜ ਰਹੇ ਹਨ।

ਅਰਵਿੰਦ ਕੇਜਰੀਵਾਲ ‘ਤੇ ਚੁਟਕੀ ਲੈਂਦਿਆਂ, ਭਾਜਪਾ ਆਗੂ ਨੇ ਕਿਹਾ ਕਿ ਅੱਜ ਤੱਕ ‘ਆਪ’ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨੂੰ ਇਹ ਆਰਥਿਕ ਮਦਦ ਨਹੀਂ ਦਿੱਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਝੂਠਿਆਂ ਦੀ ਪਾਰਟੀ ਹੈ। ਸੱਤਾ ‘ਚ ਆਉਣ ਦੇ ਮਹਿਜ਼ 9 ਮਹੀਨਿਆਂ ਦੇ ਅੰਦਰ ਹੀ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਗਈ ਹੈ