ਗੜ੍ਹਸ਼ੰਕਰ,19 ਅਪ੍ਰੈਲ 2023: ਭਾਜਪਾ ਆਗੂ ਤੇ ਗੜ੍ਹਸ਼ੰਕਰ ਹਲਕੇ ਦੀ ਇੰਚਾਰਜ ਨਿਮਿਸ਼ਾ ਮਹਿਤਾ (Nimisha Mehta) ਨੇ ਖੁਰਾਲਗੜ੍ਹ ਸਾਹਿਬ ਜਾਣ ਵਾਲੀ ਸੰਗਤ ਨਾਲ ਹੋਏ ਦੋ ਭਿਆਨਕ ਹਾਦਸਿਆਂ ‘ਚ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਡੂੰਘਾ ਦੁੱਖ ਪ੍ਰਗਟਾਉਂਦਿਆਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਹੁੰ-ਮਾਰਗੀ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ।
ਭਾਜਪਾ ਬੁਲਾਰਾ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਜਿਥੇ ਗੁਰੂ ਰਵਿਦਾਸ ਜੀ ਨੇ 4 ਸਾਲ 2 ਮਹੀਨੇ ਤੇ 12 ਦਿਨ ਤਪੱਸਿਆ ਕੀਤੀ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਸਰਕਾਰਾਂ ਰਵਿਦਾਸੀਆ ਸਮਾਜ ਦੇ ਇਸ ਤੀਰਥ ਨੂੰ ਵਧੀਆ ਰਸਤਾ ਤੱਕ ਨਹੀਂ ਬਣਾ ਕੇ ਦੇ ਸਕੀਆਂ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਮੁੱਚੇ ਦੁਆਬੇ ‘ਚ 40 ਫੀਸਦੀ ਤੋਂ ਜ਼ਿਆਦਾ ਆਬਾਦੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਹੈ, ਪਰ ਗੁਰੂ ਰਵਿਦਾਸ ਜੀ ਦੇ ਤੀਰਥ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬਿਲਕੁਲ ਤਰਸਯੋਗ ਹੈ, ਜਿਸ ਕਰਕੇ ਵੱਡੇ ਸੜਕ ਹਾਦਸੇ ਵਾਰ-ਵਾਰ ਹੁੰਦੇ ਹਨ |
ਬੀਤੇ ਦਿਨੀਂ ਦੇ ਭਿਆਨਕ ਸੜਕ ਹਾਦਸਿਆਂ ‘ਚ 10 ਜਣਿਆਂ ਦੀ ਜਾਨ ਚਲੀ ਗਈ ਤੇ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ। ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਪਹਾੜੀ ਹੈ, ਰਸਤੇ ਦੀਆਂ ਤਿੱਖੀਆਂ ਉਤਰਾਈਆਂ-ਚੜ੍ਹਾਈਆਂ ਅਤੇ ਸੜਕ ਦੀ ਘੱਟ ਚੌੜਾਈ ਕਾਰਨ ਗੱਡੀਆਂ ਡੂੰਘੀਆਂ ਖੱਡਾਂ ‘ਚ ਡਿੱਗਦੀਆਂ ਹਨ, ਜਿਸ ਨਾਲ ਭਾਰੀ ਨੁਕਸਾਨ ਹੁੰਦਾ ਹੈ।
ਇਸ ਲਈ ਰਵਿਦਾਸੀਆ ਸਮਾਜ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮਾਰਗ ਨੂੰ ਚਹੁੰ-ਮਾਰਗੀ ਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ।ਨਿਮਿਸ਼ਾ ਮਹਿਤਾ (Nimisha Mehta) ਨੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂਘਰ ਵਿਖੇ ਅੱਜ ਵੀ ਗੁਰਦੁਆਰਾ ਕਮੇਟੀ ਮੁੱਲ ਦਾ ਪਾਈ ਟੈਂਕਰਾਂ ‘ਚ ਖਰੀਦ ਕੇ ਲੈ ਕੇ ਆਉਂਦੀ ਹੈ ਤੇ ਗੁਰੂਘਰ ਨੂੰ ਹੁਣ ਤੱਕ ਕੋਈ ਵੀ ਸਰਕਾਰ ਪੀਣ ਵਾਲਾ ਪਾਈ ਵੀ ਮੁਹੱਈਆ ਨਹੀਂ ਕਰਵਾ ਸਕੀ। ਭਾਜਪਾ ਆਗੂ ਨੇ ਕਿਹਾ ਕਿ ਬੇਸ਼ੱਕ ਪਿਛਲੀ ਸਰਕਾਰ ਦੌਰਾਨ ਇਕ ਟਿਊਬਵੈੱਲ ਤਾਂ ਲਗਵਾਇਆ ਗਿਆ ਪਰ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਵਾਹ-ਵਾਹੀ ਲੁੱਟਣ ਲਈ ਉਸ ਦਾ ਉਦਘਾਟਨ ਵੀ ਕੀਤਾ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 14 ਮਹੀਨੇ ਬੀਤ ਜਾਣ ਦੇ ਬਾਵਜੂਦ ਗੁਰੂਘਰ ਦੇ ਇਸ ਟਿਊਬਵੈੱਲ ਨੂੰ ਬਿਜਲੀ ਦਾ ਕੁਨੈਕਸ਼ਨ ਤੱਕ ਨਹੀਂ ਦੇ ਸਕੀ, ਜਿਸ ਕਾਰਨ ਅੱਜ ਤਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੀਣ ਵਾਲਾ ਪਾਣੀ ਮੁੱਲ ਹੀ ਲਿਆ ਕੇ ਲੰਗਰ-ਪਾਈ ਦਾ ਗੁਜ਼ਾਰਾ ਚਲਾਇਆ ਜਾਂਦਾ ਹੈ।
ਇਸਦੇ ਨਾਲ ਹੀ ਟਿਊਬਵੈੱਲ ਤੋਂ ਗੁਰੂਘਰ ਲਈ ਪਾਣੀ ਲਿਆਉਣ ਵਾਲੀ ਪਾਈਪਲਾਈਨ, ਜੋ ਸਿਰਫ 10-12 ਲੱਖ ਦਾ ਖਰਚ ਹੈ, ਉਸ ਬਾਰੇ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਐਲਾਨ ਤੱਕ ਵੀ ਨਹੀਂ ਕੀਤਾ ਗਿਆ। ਨਿਮਿਸ਼ਾ ਮਹਿਤਾ ਨੇ ਕਿਹਾ ਕਿ 117 ਕਰੋੜ ਰੁਪਏ ਦੀ ਲਾਗਤ ਨਾਲ ਜੋ ਮੀਨਾਰ-ਏ-ਬੇਗਮਪੁਰਾ ਬਣਨ ਦਾ ਨੀਂਹ ਪੱਥਰ ਅਕਾਲੀ-ਭਾਜਪਾ ਸਰਕਾਰ ਨੇ 2016 ‘ਚ ਰੱਖਿਆ ਸੀ, ਪਿਛਲੀ ਤੇ ਮੌਜੂਦਾ ਸਰਕਾਰ ਦੇ ਵੱਡੇ ਐਲਾਨਾਂ ਦੇ ਬਾਵਜੂਦ ਅਜੇ ਤੱਕ ਉਸ ਨੂੰ ਮੁਕੰਮਲ ਨਹੀਂ ਕੀਤਾ ਗਿਆ। ਨਿਮਿਸ਼ਾ ਮਹਿਤਾ ਨੇ ਮੰਗ ਰੱਖੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲਦੀ ਤੋਂ ਜਲਦੀ ਟਿਊਬਵੈੱਲ ਨੂੰ ਬਿਜਲੀ ਕੁਨੈਕਸ਼ਨ ਅਤੇ ਪਾਈਪਲਾਈਨ ਦਾ ਪ੍ਰਬੰਧ ਕਰਵਾ ਕੇ ਦੇਵੇ।