July 4, 2024 6:21 pm
Malwinder Singh Kang

‘ਆਪ’ ਸਰਕਾਰ ਜਲੰਧਰ ਨੂੰ ਦੇਸ਼ ‘ਚ ਮਾਡਲ ਤੌਰ ‘ਤੇ ਵਿਕਸਿਤ ਕਰੇਗੀ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 18 ਮਈ 2023: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਸਰਕਾਰ ਦੇ ਪੰਜਾਬ ਲਈ ਏਜੰਡੇ ਬਾਰੇ ਦੱਸਿਆ ਅਤੇ ਨਾਲ ਹੀ ਉਨ੍ਹਾਂ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੇ ਅਧੀਨ ਜਲੰਧਰ ਵਿਖੇ ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਦੌਰਾਨ ਇਲਾਕੇ ਦੇ ਵਿਕਾਸ ਵਾਸਤੇ ਲਏ ਫ਼ੈਸਲਿਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ।

ਆਪਣੇ ਸੰਬੋਧਨ ਦੌਰਾਨ ਕੰਗ ਨੇ ਕਿਹਾ ਕਿ ‘ਆਪ ਦੇ ਲੱਖਾਂ ਵਲੰਟੀਅਰਾਂ ਨੇ 2022 ਵਿੱਚ ਘਰ-ਘਰ ਬੂਹਾ ਖੜ੍ਹਕਾ ਕੇ ਪੰਜਾਬੀਆਂ ਨੂੰ ਪਾਰਟੀ ਦੇ ਸੂਬੇ ਲਈ ਏਜੰਡੇ ਬਾਰੇ ਦੱਸਦਿਆਂ ਇੱਕ ਮੌਕਾ ਦੇਣ ਲਈ ਬੇਨਤੀ ਕੀਤੀ ਸੀ, ਅਤੇ ਹੁਣ ਮਾਨ ਸਰਕਾਰ ਦੀ ਵਾਰੀ ਹੈ ਅਤੇ ਉਹ ਘਰ-ਘਰ ਜਾਕੇ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ।

‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਬੀਤੇ ਦਿਨੀਂ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਦੱਸਦਿਆਂ ਮਾਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਨੇ ਜਲੰਧਰ ਸ਼ਹਿਰ ਦੇ ਕਾਇਆਕਲਪ ਵਾਸਤੇ 95 ਕਰੋੜ ਜਾਰੀ ਕਰ ਦਿੱਤੇ ਹਨ। ਨਾਲ ਹੀ ਪਿਛਲੇ ਛੇ ਸਾਲਾਂ ਤੋਂ ਅੜ੍ਹੇ ਆਦਮਪੁਰ ਦੇ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਜਲੰਧਰ ਨੂੰ ਦੇਸ਼ ਵਿੱਚ ਇੱਕ ਮਾਡਲ ਤੌਰ ‘ਤੇ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ।

ਕੰਗ (Malwinder Singh Kang) ਨੇ ਕਿਹਾ ਕਿ ਜਿਵੇਂ ਅਰਵਿੰਦ ਕੇਜਰੀਵਾਲ ਦੇਸ਼ ਦੀ ਰਾਜਨੀਤੀ ਨੂੰ ਘੜ੍ਹ ਰਹੇ ਹਨ ਉਸੇ ਤਰ੍ਹਾਂ ਭਗਵੰਤ ਮਾਨ ਸੂਬੇ ਵਿੱਚ ‘ਪੰਜਾਬ ਦੀ ਤਰੱਕੀ’ ਦੇ ਏਜੰਡੇ ਉੱਪਰ ਕੰਮ ਕਰਦਿਆਂ ਲਗਾਤਾਰ ਕਿਸਾਨੀ, ਜਵਾਨੀ ਸਮੇਤ ਹਰ ਵਰਗ ਦੀ ਖੁਸ਼ਹਾਲੀ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੇ ਹਨ। ਕੰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਪਰਚਾ ਕਲਚਰ ਨੂੰ ਖ਼ਤਮ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਮਾਨ ਸਰਕਾਰ ਹਰ ਪੱਖੋਂ ਪੰਜਾਬੀਆਂ ਦੀਆਂ ਉਮੀਦਾਂ ‘ਤੇ ਖ਼ਰਾ ਉਤਰ ਰਹੀ ਹੈ।

ਆਪਣੇ ਸੰਬੋਧਨ ਦੌਰਾਨ ਮਾਲਵਿੰਦਰ ਕੰਗ ਨੇ ਪੰਜਾਬ ਦੇ ਘੱਟ ਰਹੇ ਪਾਣੀ ਦੇ ਪੱਧਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਉਸਨੂੰ ਬਚਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਸਾਨੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ‘ਆਪ ਸਰਕਾਰ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁਚਾਉਣ ਵਾਸਤੇ ਉਪਰਾਲੇ ਕਰ ਰਹੀ ਹੈ। ਜਿਸਤੋਂ ਕਿਸਾਨ ਭਾਈਚਾਰਾ ਵੀ ਉਤਸ਼ਾਹਿਤ ਹੈ। ਕੰਗ ਨੇ ਮਾਨ ਸਰਕਾਰ ਦੇ ਪਿਛਲੇ ਇੱਕ ਸਾਲ ਦੇ ਕੰਮਾਂ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ ਪੈ ਰਹੀ ਹੈ ਜੋਕਿ ਸੂਬੇ ਦੇ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ।