Aam Aadmi Party

ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਪਹਿਲਾਂ AAP ਨੇ ਕਾਂਗਰਸ ਨੂੰ ਦਿੱਤਾ ਅਲਟੀਮੇਟਮ !

ਚੰਡੀਗੜ੍ਹ, 22 ਜੂਨ 2023: ਪਟਨਾ ‘ਚ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 23 ਜੂਨ ਨੂੰ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਮਹਾਂਬੈਠਕ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੀ ਏਕਤਾ ‘ਚ ਢਾਅ ਲੱਗਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ (AAP) ਦੇ ਸੂਤਰਾਂ ਮੁਤਾਬਕ ‘ਆਪ’ ਨੇ ਕਾਂਗਰਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਆਰਡੀਨੈਂਸ ‘ਤੇ ‘ਆਪ’ ਦਾ ਸਮਰਥਨ ਕਰੇ ਨਹੀਂ ਤਾਂ ਉਹ ਮੀਟਿੰਗ ਦਾ ਬਾਈਕਾਟ ਕਰੇਗੀ।

ਅਸਲ ਵਿੱਚ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ 23 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੇਂਦਰ ਵੱਲੋਂ ਦਿੱਲੀ ਲਈ ਸੇਵਾ ਖੇਤਰ ਵਿੱਚ ਲਿਆਂਦੇ ਆਰਡੀਨੈਂਸ ਬਾਰੇ ਪਹਿਲਾਂ ਚਰਚਾ ਕੀਤੀ ਜਾਵੇ ਅਤੇ ਸਾਰੀਆਂ ਪਾਰਟੀਆਂ ਆਰਡੀਨੈਂਸ ਦੇ ਮੁੱਦੇ ’ਤੇ ਤੁਹਾਡਾ ਸਾਥ ਦੇਣ। ਅਰਵਿੰਦ ਕੇਜਰੀਵਾਲ ਨੇ ਆਰਡੀਨੈਂਸ ਦੇ ਮੁੱਦੇ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਹੈ।

‘ਆਪ’ (AAP) ਦੇ ਸਟੈਂਡ ‘ਤੇ ਕਾਂਗਰਸ ਦੇ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਕਿਸੇ ਦਬਾਅ ‘ਚ ਨਹੀਂ ਆਵੇਗੀ। ਪਟਨਾ ‘ਚ ਹੋਣ ਵਾਲੀ ਬੈਠਕ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਹੈ, ਜਿਸ ‘ਚ ਤੈਅ ਏਜੰਡੇ ‘ਤੇ ਚਰਚਾ ਹੋਵੇਗੀ। ਕਾਂਗਰਸ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਦਿੱਲੀ ਵਿੱਚ ਟਰਾਂਸਫਰ ਪੋਸਟਿੰਗ ਦੇ ਮਾਮਲੇ ‘ਤੇ ਜਾਰੀ ਕੇਂਦਰ ਸਰਕਾਰ ਦਾ ਆਰਡੀਨੈਂਸ ਬਿੱਲ ਸੰਸਦ ਦੇ ਸੈਸ਼ਨ ਵਿੱਚ ਆਉਣ ‘ਤੇ ਹੀ ਰਣਨੀਤੀ ਉਲੀਕੀ ਜਾਵੇਗੀ। ਹਾਲਾਂਕਿ ਪਾਰਟੀ ਸੂਤਰਾਂ ਤੋਂ ਇਹ ਸੰਕੇਤ ਸਾਫ਼ ਹਨ ਕਿ ਕਾਂਗਰਸ ਸੰਸਦ ਵਿੱਚ ਆਰਡੀਨੈਂਸ ਦਾ ਵਿਰੋਧ ਕਰੇਗੀ।

ਮਾਮਲਾ ਕੀ ਹੈ?

ਹਾਲ ਹੀ ‘ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਅਧਿਕਾਰ ਕੇਜਰੀਵਾਲ ਸਰਕਾਰ ਕੋਲ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ, ਭਾਜਪਾ ਨੇ ਦਲੀਲ ਦਿੱਤੀ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ | ਇਸ ਲਈ ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ।

ਇਸ ਕਾਰਨ ਅਰਵਿੰਦ ਕੇਜਰੀਵਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਹਿ ਰਹੇ ਹਨ ਕਿ ਕਾਂਗਰਸ ਉਨ੍ਹਾਂ ਦਾ ਸਾਥ ਦੇਵੇ, ਨਹੀਂ ਤਾਂ ਦਿੱਲੀ ਵਰਗੀ ਸਥਿਤੀ ਹੋਰਨਾਂ ਸੂਬਿਆਂ ਵਿੱਚ ਵੀ ਹੋ ਸਕਦੀ ਹੈ। ਇਸ ਦੇ ਲਈ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ਨੂੰ ਵੀ ਪੱਤਰ ਲਿਖ ਕੇ ਕਾਂਗਰਸ ਤੋਂ ‘ਆਪ’ ਦਾ ਸਮਰਥਨ ਕਰਨ ਲਈ ਕਿਹਾ ਹੈ।

Scroll to Top