ਚੰਡੀਗੜ੍ਹ, 9 ਅਪ੍ਰੈਲ, 2024: ਆਮ ਆਦਮੀ ਪਾਰਟੀ (AAP) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ‘ਆਪ’ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੂੰ ਸੌਂਪੀ ਗਈ ਸੀ।
‘ਆਪ’ (AAP) ਆਗੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੇ ਆਗੂ ਕਾਨੂੰਨ ਤੋੜਨ ਦੇ ਆਦੀ ਹਨ। ਲੋਕ ਸਭਾ ਚੋਣ ਜ਼ਾਬਤਾ 16 ਮਾਰਚ 2024 ਨੂੰ ਲਾਗੂ ਹੋ ਗਿਆ ਸੀ। ਹਰਪਾਲ ਸਿੰਘ ਚੀਮਾ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਮਿਤੀ 6 ਅਪ੍ਰੈਲ 2024 ਨੂੰ ਪੰਜਾਬ ਬਚਾਓ ਯਾਤਰਾ ਦੇ ਰਾਏਕੋਟ ਪਹੁੰਚਣ ਸਮੇਂ ਸੁਖਬੀਰ ਸਿੰਘ ਬਾਦਲ ਨੇ ਬੱਚਿਆਂ ਕੋਲੋਂ ਅਕਾਲੀ ਦਲ ਦੇ ਹੱਕ ਵਿਚ ਨਾਅਰੇ ਲਗਵਾਏ ਅਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਵਾਈ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇੱਕ ਸਕ੍ਰਿਪਟ ਲਿਖੀ ਗਈ ਅਤੇ ਬੱਚਿਆਂ ਨੂੰ ਦਿੱਤੀ ਗਈ। ਉਨ੍ਹਾਂ ਇਸ ਸਬੰਧੀ ਸਾਰੇ ਤੱਥ ਚੋਣ ਕਮਿਸ਼ਨ ਨੂੰ ਵੀ ਸੌਂਪ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਬਾਲ ਮਜ਼ਦੂਰੀ ਐਕਟ ਤਹਿਤ ਕਾਰਵਾਈ ਕੀਤੀ ਜਾਵੇ।