ਅਬੋਹਰ, 27 ਮਈ 2024: ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ (Gurpreet Singh GP) ਦੀ ਘਰਵਾਲੀ ਗੁਰਪ੍ਰੀਤ ਕੌਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਕਰਦੇ ਹੋਏ ਰਾਏਕੋਟ ਤੋਂ ਵਾਪਸ ਆ ਰਹੇ ਸਨ ਤਾਂ ਇਸ ਦੌਰਾਨ ਲੁਧਿਆਣਾ ਮਾਲੇਰਕੋਟਲਾ ਰੋਡ ‘ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ। ਕਾਰ ਬੇਕਾਬੂ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ। ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਜੀਪੀ ਦੀ ਘਰਵਾਲੀ ਦੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੇ ਨਾਲ ਬੈਠੀ ਇੱਕ ਹੋਰ ਬੀਬੀ ਆਗੂ ਜ਼ਖ਼ਮੀ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਦੀ ਬਾਂਹ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ। ਡਾਕਟਰ ਨੇ ਸਰਜਰੀ ਦੀ ਸਲਾਹ ਦਿੱਤੀ ਹੈ। ਪਰ ਗੁਰਪ੍ਰੀਤ ਕੌਰ ਨੇ ਫਿਲਹਾਲ ਸਰਜਰੀ ਤੋਂ ਇਨਕਾਰ ਕਰ ਦਿੱਤਾ। ਪਲਾਸਟਰ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਮੁੜ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਉਨ੍ਹਾਂ ਨੇ ਆਪਣੇ ਘਰਵਾਲੇ ਗੁਰਪ੍ਰੀਤ ਜੀਪੀ (Gurpreet Singh GP) ਨੂੰ ਇਸ ਬਾਰੇ ਨਹੀਂ ਦੱਸਿਆ ਕਿਉਂਕਿ ਉਹ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ।