Punjab newsPunjab news

‘ਆਪ’ ਨੇ ਭਾਜਪਾ ਨੂੰ ਦੱਸਿਆ ‘ਪੰਜਾਬ ਵਿਰੋਧੀ’, ਲੁਧਿਆਣਾ ‘ਚ CM ਨਾਇਬ ਸਿੰਘ ਸੈਣੀ ਨੂੰ ਕਾਲੇ ਝੰਡਿਆਂ ਦਿਖਾਏ

ਲੁਧਿਆਣਾ, 23 ਫਰਵਰੀ 2026: ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਨੇ ਲੁਧਿਆਣਾ ‘ਚ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਾਲੇ ਝੰਡਿਆਂ ਦਿਖਾਏ। ਜਿਵੇਂ ਹੀ ਨਾਇਬ ਸਿੰਘ ਸੈਣੀ ਦਾ ਕਾਫਲਾ, ਜੋ “ਪੂਰਵੰਚਲ ਸਨਮਾਨ ਰੈਲੀ” ‘ਚ ਸ਼ਾਮਲ ਹੋਣ ਲਈ ਆਇਆ ਸੀ, ਧੂਰੀ ਲਾਈਨ ਰੇਲਵੇ ਓਵਰਬ੍ਰਿਜ ਤੋਂ ਉਤਰਿਆ, ‘ਆਪ’ ਵਰਕਰਾਂ ਨੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਪ੍ਰਤੀ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਕਾਲੇ ਝੰਡੇ ਲਹਿਰਾਏ।

ਆਤਮ ਨਗਰ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਕਿਹਾ, “ਅਸੀਂ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਭਾਜਪਾ ਨੇ ਹਮੇਸ਼ਾ ਪੰਜਾਬ ਵਿਰੋਧੀ ਰੁਖ਼ ਅਪਣਾਇਆ ਹੈ। ਉਹ ਕੇਂਦਰ ‘ਚ ਬੈਠ ਕੇ ਪੰਜਾਬ ਦੇ ਸਿਹਤ, ਸਿੱਖਿਆ ਅਤੇ ਵਿਕਾਸ ਲਈ ਫੰਡ ਰੋਕਦੇ ਹਨ ਅਤੇ ਫਿਰ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੰਜਾਬ ਦੇ ਲੋਕ ਭੋਲੇ ਨਹੀਂ ਹਨ |

‘ਆਪ’ ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ, “ਪੰਜਾਬ ਦੇ ਲੋਕ ਭਾਜਪਾ ਦੇ ਝੂਠੇ ਪ੍ਰਚਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਅੱਜ ਦਾ ਵਿਰੋਧ ਭਾਜਪਾ ਅਤੇ ਇਸਦੇ ਆਗੂਆਂ ਨੂੰ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਪੰਜਾਬ ਆ ਕੇ ਆਪਣੀਆਂ ਕਿਸਾਨ ਵਿਰੋਧੀ, ਵਪਾਰ ਵਿਰੋਧੀ ਅਤੇ ਪੰਜਾਬ ਵਿਰੋਧੀ ਨੀਤੀਆਂ ਨੂੰ ਛੁਪਾ ਨਹੀਂ ਸਕਦੇ। ਤੁਹਾਨੂੰ ਪ੍ਰਚਾਰ ਕਰਨ ਦਾ ਅਧਿਕਾਰ ਹੈ, ਪਰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਝੂਠੇ ਸਵਾਲ ਉਠਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ।”

ਪ੍ਰਦਰਸ਼ਨ ਦੌਰਾਨ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ, ਲੁਧਿਆਣਾ ਸ਼ਹਿਰੀ, ਜਤਿੰਦਰ ਖੰਗੂੜਾ ਨੇ ਅੰਕੜੇ ਪੇਸ਼ ਕਰਦੇ ਹੋਏ ਭਾਜਪਾ ‘ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ, “ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਨੂੰ ਭਾਸ਼ਣ ਦੇਣ ਤੋਂ ਪਹਿਲਾਂ ਆਪਣੇ ਰਾਜ ਦੀ ਸਥਿਤੀ ‘ਤੇ ਨਜ਼ਰ ਮਾਰਨੀ ਚਾਹੀਦੀ ਹੈ। ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਪੰਜਾਬ ਦੇਸ਼ ‘ਚ ਦੂਜੇ ਸਥਾਨ ‘ਤੇ ਹੈ, ਜਦੋਂ ਕਿ ਹਰਿਆਣਾ ‘ਚ 2013 ਵਿੱਚ 1,000 ਤੋਂ ਵੱਧ ਅਤੇ 2014 ‘ਚ 900 ਤੋਂ ਵੱਧ ਕਤਲ ਹੋਏ ਹਨ। ਔਰਤਾਂ ਅਤੇ ਦਲਿਤਾਂ ਵਿਰੁੱਧ ਅੱਤਿਆਚਾਰ ਵੀ ਉੱਥੇ ਬਹੁਤ ਜ਼ਿਆਦਾ ਹਨ। ਭਾਜਪਾ ਦੇ ਸੱਤਾ ‘ਚ ਹੋਣ ‘ਤੇ ਪੰਜਾਬ ਦੇ ਕਿਸਾਨਾਂ ‘ਤੇ ਕਰਜ਼ੇ ਦਾ ਬੋਝ ਵਧਿਆ। ਝੂਠੇ ਬਿਆਨ ਅੰਕੜਿਆਂ ਨੂੰ ਨਹੀਂ ਬਦਲ ਸਕਦੇ।”

‘ਆਪ’ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਪੰਜਾਬ ‘ਚ ਰਾਜਨੀਤਿਕ ਲਾਭ ਲੈਣ ਦੀ ਬਜਾਏ ਸੂਬੇ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ, ਭਾਜਪਾ ਵੱਲੋਂ ਕਰਵਾਏ ਭਾਜਪਾ ਦੀ ਪੂਰਵਾਂਚਲ ਸਨਮਾਨ ਰੈਲੀ ਵਿੱਚ ਸੀਐਮ ਸੈਣੀ ਅਤੇ ਪੰਜਾਬ ਭਾਜਪਾ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ।

Read More: ਸੁਖਬੀਰ ਬਾਦਲ ਦੋਹਰੀ ਰਾਜਨੀਤੀ ਤੇ ਪੁਰਾਣੇ ਝੂਠਾਂ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ

ਵਿਦੇਸ਼

Scroll to Top