ਚੰਡੀਗੜ੍ਹ, 24 ਫਰਵਰੀ 2024: ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਹੈ | ਅੱਜ ਦਿੱਲੀ ਵਿਖੇ ਆਪ ਅਤੇ ਕਾਂਗਰਸ ਵਿਚਾਲੇ ਅਗਾਮੀ ਲੋਕ ਸਭਾ ਚੋਣਾਂ 2024 (Lok Sabha elections) ਲਈ ਕਈ ਸੂਬਿਆਂ ‘ਚ ਸੀਟਾਂ ਦੀ ਵੰਡ ‘ਤ ਸਹਿਮਤੀ ਬਣੀ ਹੈ | ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਵਿੱਚ ਵੱਖਰੇ ਤੌਰ ‘ਤੇ ਚੋਣਾਂ ਲੜਨਗੀਆਂ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸਸਪੈਂਸ ਅੱਜ ਦਿੱਲੀ ‘ਚ ਹੋਈ ਪ੍ਰੈੱਸ ਕਾਨਫਰੰਸ ਨਾਲ ਖ਼ਤਮ ਹੋ ਗਿਆ ਹੈ ।
ਕਾਂਗਰਸੀ ਆਗੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਉਨ੍ਹਾਂ ਨੇ ਪਾਰਟੀ ਆਲਾਕਮਾਨ ਅੱਗੇ ਪੂਰੇ ਸੂਬੇ ਵਿੱਚ ਵੱਖਰੀਆਂ ਚੋਣਾਂ ਲੜਨ ਦਾ ਵਿਚਾਰ ਰੱਖਿਆ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ 13-0 ਨਾਲ ਜਿੱਤ ਦਾ ਦਾਅਵਾ ਕੀਤਾ ਸੀ |
ਦਿੱਲੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (Aam Aadmi Party) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 (Lok Sabha elections) ਲਈ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕਿਹਾ ਕਿ ਦਿੱਲੀ ਲੋਕ ਸਭਾ ਦੀਆਂ ਸੱਤ ਸੀਟਾਂ ਹਨ। ਇਨ੍ਹਾਂ ‘ਚੋਂ ਆਮ ਆਦਮੀ ਪਾਰਟੀ ਚਾਰ ਸੀਟਾਂ ‘ਤੇ ਚੋਣ ਲੜੇਗੀ। ਇਨ੍ਹਾਂ ਵਿੱਚ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਸ਼ਾਮਲ ਹਨ।
ਇਸ ਤਰ੍ਹਾਂ ਸੀਟਾਂ ਦੀ ਵੰਡ ਹੋਈ
ਦਿੱਲੀ (ਸੱਤ ਸੀਟਾਂ) : ਕਾਂਗਰਸ 3 ਅਤੇ ‘ਆਪ’ 4 ‘ਤੇ ਚੋਣ ਲੜੇਗੀ।
ਗੁਜਰਾਤ (26 ਸੀਟਾਂ): ਕਾਂਗਰਸ 24 ਅਤੇ ਆਪ 2 (ਭਰੂਚ ਅਤੇ ਭਾਵਨਗਰ ਵਿੱਚ) ਚੋਣ ਲੜੇਗੀ।
ਹਰਿਆਣਾ (10 ਸੀਟਾਂ): ਕਾਂਗਰਸ 9 ਅਤੇ ਆਪ 1 (ਕੁਰੂਕਸ਼ੇਤਰ) ਤੋਂ ਚੋਣ ਲੜੇਗੀ।
ਕਾਂਗਰਸ ਚੰਡੀਗੜ੍ਹ ਦੀ ਇਕ ਸੀਟ ‘ਤੇ ਚੋਣ ਲੜੇਗੀ।
ਕਾਂਗਰਸ ਗੋਆ ਦੀਆਂ ਦੋਵੇਂ ਸੀਟਾਂ ‘ਤੇ ਚੋਣ ਲੜੇਗੀ।