July 4, 2024 11:28 pm
Tarun Chugh

ਆਮ ਆਦਮੀ ਪਾਰਟੀ ਸ਼ਹੀਦਾਂ ਤੇ ਨਾਇਕਾਂ ਦਾ ਅਪਮਾਨ ਕਰ ਰਹੀ ਹੈ: ਤਰੁਣ ਚੁੱਘ

ਨਵਾਂਸ਼ਹਿਰ, 08 ਅਪ੍ਰੈਲ 2024: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਅੱਜ ‘ਆਪ’ ਸਰਕਾਰ ਦੇ ਮੰਤਰੀਆਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੋਧ ਵਿੱਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖਟਕੜ ਕਲਾਂ ਵਿੱਚ ਧਰਨਾ ਦਿੱਤਾ ਸੀ। ਆਮ ਆਦਮੀ ਪਾਰਟੀ ਆਪਣੇ ਆਗੂਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਬਹਾਦਰੀ ਭਰਿਆ ਕਾਰਨਾਮਾ ਦਿਖਾ ਕੇ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਆਗੂ ਤਰੁਣ ਚੁੱਘ (Tarun Chugh) ਨੇ ਜਾਰੀ ਆਪਣੇ ਬਿਆਨ ਵਿੱਚ ਕੇਜਰੀਵਾਲ ਦੀ ਅਗਵਾਈ ਵਿੱਚ ‘ਆਪ’ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਲਈ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ‘ਆਪ’ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਦਾ ਵੱਡੇ ਪੱਧਰ ‘ਤੇ ਅਪਮਾਨ ਕੀਤਾ ਹੈ, ਜਿਸ ਲਈ ਦੇਸ਼ ਦੇ ਲੋਕ ‘ਆਪ’ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇI

ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਨੀਤੀ ਘਪਲਾ ਉਦੋਂ ਹੋਇਆ ਜਦੋਂ ਕੇਜਰੀਵਾਲ ਸਰਕਾਰ ਦਿੱਲੀ ਅਤੇ ਪੰਜਾਬ ਵਿੱਚ ਸਿਹਤ ਕਲੀਨਿਕਾਂ ਦਾ ਢੰਡੋਰਾ ਪਿੱਟ ਰਹੀ ਸੀ। ਇਹ ਦਿੱਲੀ ਅਤੇ ਪੰਜਾਬ ਦੇ ਲੋਕਾਂ ਨਾਲ ਖੇਡਿਆ ਜਾ ਰਿਹਾ ਇੱਕ ਕਰੂਰ ਮਜ਼ਾਕ ਸੀ ਅਤੇ ਹੁਣ ‘ਆਪ’ ਆਗੂ ਖਟਕੜ ਕਲਾਂ ਵਿੱਚ ਦੇਸ਼ ਦੇ ਇੱਕ ਉੱਘੇ ਆਜ਼ਾਦੀ ਘੁਲਾਟੀਏ ਦੇ ਨਾਮ ਅਤੇ ਸ਼ਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਤਸਵੀਰਾਂ ਦੇ ਨਾਲ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੀਆਂ ਤਸਵੀਰਾਂ ਲਗਾਉਣਾ ਬਹੁਤ ਨਿੰਦਨਯੋਗ ਤੇ ਮੰਦਭਾਗਾ ਹੈ ਅਤੇ ਇਹ ਦੇਸ਼ ਦੇ ਨਾਇਕਾਂ,ਸ਼ਹੀਦਾਂ ਦਾ ਘੋਰ ਅਪਮਾਨ ਹੈ।

ਤਰੁਣ ਚੁੱਘ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਹਾਦਸੇ ਵਿੱਚ ਦੋ ਦਰਜਨ ਤੋਂ ਵੱਧ ਜਣਿਆਂ ਦੀ ਮੌਤ ਤੋਂ ਬਾਅਦ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਚੁੱਘ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਦੇ ਜਾਲ ਵਿੱਚ ਨਾ ਫਸਣ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਨਾ ਲਗਾਉਣ ।