July 3, 2024 2:50 am
Aam Aadmi Party

ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 14 ਮਾਰਚ 2024: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ| ਜਾਰੀ ਸੂਚੀ ਵਿੱਚ ਪੰਜਾਬ ਮੰਤਰੀ ਮੰਡਲ ਦੇ 5 ਮੰਤਰੀਆਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਮੰਤਰੀ ਡਾ: ਬਲਬੀਰ ਸਿੰਘ ਸ਼ਾਮਲ ਹਨ।

‘ਆਪ’ ਨੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਮੁੜ ਭਰੋਸਾ ਜਤਾਇਆ ਹੈ। ਉਹ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਹਨ। ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ‘ਆਪ’ ਤੋਂ ਜ਼ਿਮਨੀ ਚੋਣ ਲੜੀ ਸੀ ਅਤੇ ਜਿੱਤੇ ਸਨ।

ਫ਼ਤਹਿਗੜ੍ਹ ਸਾਹਿਬ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ‘ਚ ਅਨੁਸ਼ਾਸਨ ਦੀ ਕਮੀ ਅਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਬਦਲ ਦਿੱਤੀ ਸੀ। ਉਸ ਸਮੇਂ ਤੋਂ ਹੀ ਉਸ ਨੂੰ ਟਿਕਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਫਰੀਦਕੋਟ ਤੋਂ ਸਭ ਤੋਂ ਦਿਲਚਸਪ ਉਮੀਦਵਾਰ ਕਰਮਜੀਤ ਅਨਮੋਲ ਹਨ। ਅਨਮੋਲ ਇੱਕ ਪੰਜਾਬੀ ਅਦਾਕਾਰ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।