ਚੰਡੀਗੜ੍ਹ 22 ਅਪ੍ਰੈਲ 2024: ਲੁਧਿਆਣਾ ਦੇ ਜਗਰਾਉਂ (Jagraon) ‘ਚ 200 ਰੁਪਏ ਨੂੰ ਲੈ ਕੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਓ-ਪੁੱਤ ਨੇ ਨੌਜਵਾਨ ‘ਤੇ ਚੋਰੀ-ਛਿਪੇ ਪੈਸੇ ਲੈਣ ਦਾ ਦੋਸ਼ ਲਗਾਇਆ ਸੀ। ਇਸ ਗੱਲ ਨੂੰ ਲੈ ਕੇ ਐਤਵਾਰ ਰਾਤ ਨੂੰ ਵੀ ਉਨ੍ਹਾਂ ਦਾ ਝਗੜਾ ਹੋਇਆ ਸੀ।
ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਲੱਕੀ, ਜਗਰਾਉਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਲਗਾਤਾਰ ਇਨਕਾਰ ਕਰ ਰਿਹਾ ਸੀ ਕਿ ਉਸਨੇ ਕਿਸੇ ਦੇ ਪੈਸੇ ਨਹੀਂ ਲਏ। ਇਸ ਤੋਂ ਬਾਅਦ ਵੀ ਮੁਲਜ਼ਮ ਪਿਓ-ਪੁੱਤ ਨੇ ਉਸ ‘ਤੇ ਚੋਰੀ ਦਾ ਦੋਸ਼ ਲਗਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਐਤਵਾਰ ਦੇਰ ਰਾਤ ਕੁਝ ਲੋਕ ਦਾਣਾ ਮੰਡੀ ‘ਚ ਤਾਸ਼ ਖੇਡ ਰਹੇ ਸਨ। ਇਸ ਦੌਰਾਨ ਬਲਰਾਮ ਉਰਫ ਪੰਡਿਤ ਅਤੇ ਲਵੀਸ਼ ਕੁਮਾਰ ਨੇ ਸ਼ਮਸ਼ੇਰ ‘ਤੇ 200 ਰੁਪਏ ਲੈਣ ਦਾ ਦੋਸ਼ ਲਗਾਇਆ। ਉਸ ਨੇ ਸ਼ਮਸ਼ੇਰ ਸਿੰਘ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਰੋਕ ਲਿਆ।
ਇਸ ਤੋਂ ਬਾਅਦ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਸ਼ਮਸ਼ੇਰ ਸੋਮਵਾਰ ਸਵੇਰੇ ਦੁਬਾਰਾ ਦਾਣਾ ਮੰਡੀ ਪਹੁੰਚਿਆ। ਉਨ੍ਹਾਂ ਨੇ ਸ਼ਮਸ਼ੇਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ 200 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਸ਼ਮਸ਼ੇਰ ਅਜੇ ਇਨਕਾਰ ਹੀ ਕਰ ਰਿਹਾ ਸੀ ਕਿ ਇਕ ਉਕਤ ਮੁਲਜ਼ਮ ਨੇ ਉਨ੍ਹਾਂ ‘ਤੇ ਕਥਿਤ ਰਾਡ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਦੇ ਰਾਡ ਦੇ ਹਮਲੇ ਨੂੰ ਰੋਕ ਦਿੱਤਾ। ਫਿਰ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਇੱਕ ਮੁਲਜ਼ਮ ਨੇ ਸ਼ਮਸ਼ੇਰ ਨੂੰ ਚਾਕੂ ਮਾਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਸ਼ਮਸ਼ੇਰ ਸਿੰਘ ਦੀ ਰਸਤੇ ‘ਚ ਹੀ ਮੌਤ ਹੋ ਗਈ।
ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਮੁਲਜਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।