ਚੰਡੀਗੜ੍ਹ, 12 ਦਸੰਬਰ 2023: ਕੈਨੇਡਾ (Canada) ‘ਚ ਇੱਕ ਸ਼ੋਅਰੂਮ ‘ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਤਨਮਨਜੋਤ ਸਿੰਘ ਗਿੱਲ ਵਜੋਂ ਹੋਈ ਹੈ, ਜਿਸਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਬਰੈਂਪਟਨ ਵਿੱਚ ਕਾਰੋਬਾਰੀ ਐਂਡੀ ਦੁੱਗਾ ਦੇ ਮਿਲੇਨੀਅਮ ਟਾਇਰ ਸ਼ੋਅਰੂਮ ਵਿੱਚ ਗੋਲੀਬਾਰੀ ਕੀਤੀ ਸੀ। ਇੱਥੇ ਗੋਲੀਆਂ ਚਲਾਉਣ ਵਾਲੇ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਕਿਸ ਗਿਰੋਹ ਨਾਲ ਸਬੰਧਤ ਹਨ। ਦੂਜਾ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਐਂਡੀ ਦੁੱਗਾ ਦਾ ਪੂਰਾ ਨਾਂ ਇੰਦਰਜੀਤ ਦੁੱਗਾ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੇ ਫਗਵਾੜਾ ਦੇ ਪਿੰਡ ਰਾਮਪੁਰਾ ਸੁਨਰਾ ਦਾ ਰਹਿਣ ਵਾਲਾ ਹੈ। 1989 ਵਿੱਚ ਉਹ ਪੰਜਾਬ ਤੋਂ ਕੈਨੇਡਾ (Canada) ਚਲਾ ਗਿਆ, ਜਿਥੇ ਉਸ ਵੱਲੋਂ ਨਿਊ ਮਿਲੇਨੀਅਮ ਟਾਇਰ ਸੈਂਟਰ ਖੋਲ੍ਹਿਆ। ਦੁੱਗਾ ਨੂੰ ਪੰਜਾਬ ਗਾਇਕ ਮਨਕੀਰਤ ਔਲਖ ਦਾ ਦੋਸਤ ਦੱਸਿਆਜਾ ਰਿਹਾ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਵਿੱਚ ਵੀ ਉਹ ਸਭ ਤੋਂ ਅੱਗੇ ਹੈ।