ਚੰਡੀਗੜ੍ਹ, 16 ਸਤੰਬਰ 2024: ਜਲੰਧਰ (Jalandhar) ‘ਚ ਐਤਵਾਰ ਦੁਪਹਿਰ ਇਕ ਨੌਜਵਾਨ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਹੋਈ ਹੈ | ਪੁਲਿਸ ਨੇ ਮ੍ਰਿਤਕ ਦੇਹ ਕੋਲੋਂ ਇਕ ਟੀਕਾ, ਲਾਈਟਰ ਅਤੇ ਖਾਲੀ ਗਲਾਸ ਬਰਾਮਦ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ਦਾ ਇਹ ਵੀ ਦੋਸ਼ ਹੈ ਕਿ ਅਕਸਰ ਹੀ ਨੌਜਵਾਨ ਨਸ਼ੇ ਕਰਨ ਲਈ ਉਨ੍ਹਾਂ ਦੇ ਇਲਾਕੇ ‘ਚ ਆਉਂਦੇ ਹਨ।
ਜਾਣਕਾਰੀ ਮੁਤਾਬਕ ਨੌਜਵਾਨ ਕਰੀਬ ਕਈ ਘੰਟੇ ਤੱਕ ਪ੍ਰਤਾਪ ਬਾਗ ਨੇੜੇ ਸੁੰਨਸਾਨ ਗਲੀ ‘ਚ ਪਿਆ ਰਿਹਾ। ਪਹਿਲਾਂ ਤਾਂ ਰਾਹਗੀਰਾਂ ਨੇ ਸਮਝਿਆ ਕਿ ਉਹ ਨਸ਼ੇ ਕਾਰਨ ਬੇਹੋਸ਼ ਹੋ ਗਿਆ ਹੈ। ਪਰ ਜਦੋਂ ਪੰਜ ਘੰਟੇ ਤੱਕ ਕੋਈ ਹਿਲਜੁਲ ਨਾ ਹੋਈ ਤਾਂ ਮਾਮਲੇ ਦੀ ਸੂਚਨਾ ਜਲੰਧਰ ਪੁਲਿਸ ਨੂੰ ਦਿੱਤੀ ।
ਥਾਣਾ ਡਵੀਜ਼ਨ ਨੰਬਰ 3 (Jalandhar) ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਨੌਜਵਾਨ ਕਿੰਨੇ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਸ ਕੋਲੋਂ ਅਜਿਹਾ ਕੁਝ ਨਹੀਂ ਮਿਲਿਆ ਜਿਸ ਨਾਲ ਉਸ ਦਾ ਨਾਂ ਅਤੇ ਪਤਾ ਪਤਾ ਲੱਗ ਸਕੇ।