Jalandhar

ਅਸ਼ਲੀਲ ਗਾਣੇ ਵਜਾਉਂਣ ਤੋਂ ਰੋਕਣ ’ਤੇ ਪਰਿਵਾਰ ’ਤੇ ਚੜ੍ਹਾਈ ਗੱਡੀ, ਇੱਕ ਔਰਤ ਦੀ ਮੌਤ

ਅੰਮ੍ਰਿਤਸਰ, 7 ਦਸੰਬਰ 2023: ਅੰਮ੍ਰਿਤਸਰ (Amritsar) ਦੇ ਅਧੀਨ ਪੈਂਦੇ ਪੁਲਿਸ ਥਾਣਾ ਭਿੰਡੀ ਸੈਦਾਂ ’ਚ ਅਸ਼ਲੀਲ ਗਾਣੇ ਰੋਕਣ ਨੂੰ ਲੈ ਕੇ ਇੱਕ ਗੁਆਂਢੀ ਨੇ ਪਰਿਵਾਰ ਉੱਤੇ ਬੋਲੈਰੋ ਕਾਰ ਚੜਾ ਕੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ’ਚ ਜ਼ਖ਼ਮੀ ਔਰਤ ਦੀ ਹਸਪਤਾਲ ’ਚ ਇਕ ਮਹੀਨੇ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ 302,325, 323, 34 ਆਈ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਘਰਵਾਲੀ ਕਰਮਜੀਤ ਕੌਰ ਨਾਲ ਪਿੰਡ ਭਿੰਡੀ ਵਿੱਚ ਰਹਿੰਦਾ ਸੀ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਮੁਲਜ਼ਮ ਰਣਜੀਤ ਸਿੰਘ ਉਸ ਦਾ ਗੁਆਂਢੀ ਹੈ ਅਤੇ ਹਰ ਰੋਜ਼ ਘਰ ਦੇ ਬਾਹਰ ਖਾਲੀ ਜਗ੍ਹਾ ਵਿੱਚ ਆਪਣੀ ਕਾਰ ਪਾਰਕ ਕਰਦਾ ਹੈ। ਜਦੋਂ ਵੀ ਉਹ ਰਾਤ ਨੂੰ ਆਪਣੀ ਕਾਰ ਪਾਰਕ ਕਰਦਾ ਹੈ ਤਾਂ ਕਾਰ ਵਿੱਚ ਅਸ਼ਲੀਲ ਗੀਤ ਵਜਾਉਂਦਾ ਹੈ। ਘਰ ਵਿੱਚ ਔਰਤਾਂ ਹੋਣ ਕਾਰਨ ਉਸ ਨੇ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਨੂੰ ਰੋਕ ਕੇ ਉਸ ਨੂੰ ਅਜਿਹੇ ਗੀਤ ਨਾ ਚਲਾਉਣ ਲਈ ਕਿਹਾ। ਇਸ ਮਾਮਲੇ ਨੂੰ ਲੈ ਕੇ ਰਣਜੀਤ ਸਿੰਘ ਨੇ ਉਸ ਨਾਲ ਰੰਜਿਸ਼ ਪਾਲ ਲਈ ।

ਸਵਿੰਦਰ ਸਿੰਘ ਨੇ ਦੱਸਿਆ ਕਿ 9 ਨਵੰਬਰ ਦੀ ਰਾਤ ਨੂੰ ਜਦੋਂ ਉਸ ਦਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਬੂਟਾ ਅਤੇ ਮੇਹਰ ਸਿੰਘ ਨਾਲ ਮਿਲ ਕੇ ਕਾਰ ਸਮੇਤ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਸੁੱਤੇ ਪਏ ਪਰਿਵਾਰਕ ਮੈਂਬਰਾਂ ‘ਤੇ ਗੱਡੀ ਚੜਾ ਦਿੱਤੀ, ਇਸ ਵਿੱਚ ਉਹ ਅਤੇ ਉਸਦੀ ਘਰਵਾਲੀ ਕਰਮਜੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਦੋਵਾਂ ਨੂੰ ਅੰਮ੍ਰਿਤਸਰ (Amritsar) ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਵਿੰਦਰ ਸਿੰਘ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ, ਜਦੋਂ ਕਿ ਹਸਪਤਾਲ ਵਿੱਚ ਦਾਖ਼ਲ ਉਸ ਦੀ ਪਤਨੀ ਕਰਮਜੀਤ ਕੌਰ ਦੀ 7 ਦਸੰਬਰ ਨੂੰ ਮੌਤ ਹੋ ਗਈ।

Scroll to Top