ਫਿਰੋਜ਼ਪੁਰ ,11 ਫਰਵਰੀ 2023: ਫਿਰੋਜ਼ਪੁਰ (Ferozepur) ਦੇ ਪਿੰਡ ਮਾੜੇ ਕਲਾਂ ਦੀ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ 3 ਔਰਤਾਂ ਵੱਲੋਂ ਇੱਕ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦਾਖਲ ਪੀੜਤ ਮੀਨਾ ਨੇ ਦੱਸਿਆ ਕਿ ਉਹ ਗੁਰੂਹਰਸਹਾਏ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉਥੇ ਪਰਮਜੀਤ ਕੌਰ ਨੇ ਛੋਲ ਦੀ ਚੋਰੀ ਕੀਤੀ ਸੀ। ਜਿਸਨੂੰ ਲੈ ਕੇ ਇੱਕ ਦਰਖਾਸਤ ਵੀ ਦਿੱਤੀ ਗਈ ਸੀ।
ਜਦੋਂ ਉਹ ਥਾਣੇ ਤੋਂ ਵਾਪਸ ਆ ਰਹੀ ਸੀ ਤਾਂ ਉਨ੍ਹਾਂ ਦੇ ਪਰਿਵਾਰ ਨੇ ਰਾਸਤੇ ਵਿੱਚ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਨ੍ਹਾਂ ਤੋਂ ਬਚਣ ਲਈ ਉਹ ਸਰਪੰਚ ਦੇ ਘਰ ਵੜ ਗਈ, ਪਰ ਉਥੇ ਵੀ ਉਹ ਲੋਕ ਪਹੁੰਚ ਗਏ ਅਤੇ ਸਰਪੰਚ ਦੇ ਘਰ ਵਿੱਚ ਕੁੱਟਮਾਰ ਕੀਤੀ ਗਈ। ਜਿਸਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੀੜਤ ਔਰਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਅਤੇ ਕੁੱਟਮਾਰ ਕਰਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਦੂਸਰੇ ਪਾਸੇ ਪੁਲਿਸ ਵੱਲੋਂ ਪੀੜਤ ਔਰਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।