July 5, 2024 1:57 am
Israel-Hamas War

ਫਿਲੀਸਤੀਨੀ ਸੰਗਠਨ ਹਮਾਸ ਤੇ ਇਜ਼ਰਾਈਲ ਵਿਚਾਲੇ ਬਣੀ ਜੰਗ ਵਰਗੀ ਸਥਿਤੀ, ਹਮਾਸ ਨੇ ਇਜ਼ਰਾਈਲ ‘ਤੇ ਦਾਗੇ 5 ਹਜ਼ਾਰ ਰਾਕੇਟ

ਚੰਡੀਗੜ੍ਹ, 07 ਅਕਤੂਬਰ 2023: ਫਿਲੀਸਤੀਨੀ ਸੰਗਠਨ ਹਮਾਸ ਵੱਲੋਂ ਹਜ਼ਾਰਾਂ ਰਾਕੇਟ ਦਾਗੇ ਜਾਣ ਤੋਂ ਬਾਅਦ ਇਜ਼ਰਾਈਲ (Israel) ਨੇ ਜੰਗ ਦੀ ਸਥਿਤੀ ਵਰਗਾ ਐਲਾਨ ਕਰ ਦਿੱਤਾ ਹੈ। ਮਹੀਨਿਆਂ ਤੋਂ ਚੱਲੇ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਨਤੀਜੇ ਵਜੋਂ ਵੱਡੇ ਪੱਧਰ ‘ਤੇ ਮੌਤਾਂ ਹੋਈਆਂ ਹਨ। ਲੜਾਕੇ ਮੋਟਰਸਾਈਕਲਾਂ, SUV ਅਤੇ ਪੈਰਾਗਲਾਈਡਰਾਂ ‘ਤੇ ਦੱਖਣੀ ਸ਼ਹਿਰਾਂ ‘ਚ ਪਹੁੰਚੇ ਹਨ । ਕਿਹਾ ਜਾ ਰਿਹਾ ਹੈ ਕਿ ਹਮਾਸ ਦੇ ਲੜਾਕੇ ਸੜਕਾਂ ‘ਤੇ ਘੁੰਮ ਰਹੇ ਆਮ ਨਾਗਰਿਕਾਂ ‘ਤੇ ਗੋਲੀਬਾਰੀ ਕਰ ਰਹੇ ਹਨ। ਇਸ ਘਟਨਾ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਵੱਲੋਂ ਹਮਲੇ ਸ਼ੁਰੂ ਹੋਣ ਦੇ ਕਰੀਬ 5 ਘੰਟੇ ਬਾਅਦ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ‘ਚ ਕਈ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਰੀਬ 300 ਜਣੇ ਜ਼ਖਮੀ ਹੋਏ ਹਨ। ਹਮਾਸ ਦੇ ਲੜਾਕੇ ਸਾਡੇ ਦੇਸ਼ ਵਿਚ ਦਾਖਲ ਹੋ ਗਏ ਹਨ। ਇਜ਼ਰਾਈਲ ਦੇ ਪੱਛਮੀ ਕਸਬਿਆਂ ‘ਚ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ।

ਸਡੇਰੋਟ ਦੇ ਇੱਕ ਨਿਵਾਸੀ ਨੇ ਹਮਲੇ ਦੀ ਇੱਕ ਵੀਡੀਓ ਰਿਕਾਰਡ ਕੀਤੀ ਜਿਸ ਵਿੱਚ ਹਮਾਸ ਦੇ ਲੜਾਕੇ ਕਾਰ ‘ਤੇ ਗੋਲੀਬਾਰੀ ਕਰ ਰਹੇ ਹਨ । ਵਿਅਕਤੀ ਨੇ ਇਹ ਵੀਡੀਓ ਆਪਣੇ ਘਰ ਦੀ ਛੱਤ ਤੋਂ ਰਿਕਾਰਡ ਕੀਤਾ ਸੀ, ਜਿਸ ਨੂੰ ਇੱਕ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਵਕੀਲ ਨੇ ਸਾਂਝਾ ਕੀਤਾ ਸੀ। ਹਾਲਾਂਕਿ ਇਨ੍ਹਾਂ ਵੀਡੀਓਜ਼ ਦੀ ਪੁਸ਼ਟੀ ਨਹੀਂ ਹੋਈ ਹੈ।

hamas

ਹਮਾਸ ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ, ਸਡੇਰੋਟ, ਅਸ਼ਕੇਲੋਨ ਸਮੇਤ 7 ਸ਼ਹਿਰਾਂ ‘ਤੇ ਰਾਕੇਟ ਦਾਗੇ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ‘ਤੇ ਡਿੱਗੇ ਹਨ। 6 ਜਣਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਮਾਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕੇਟ ਨਾਲ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਤੋਂ 2,200 ਰਾਕੇਟ ਦਾਗੇ ਗਏ ਹਨ।

ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਹਮਾਸ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਜ਼ਰਾਈਲ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਇਜ਼ਰਾਇਲੀ ਫੌਜ ਨੇ ‘ਆਪ੍ਰੇਸ਼ਨ ਆਇਰਨ ਸਵਰਡ’ ਸ਼ੁਰੂ ਕੀਤਾ ਹੈ। ਫੌਜ ਹਮਾਸ ਦੇ ਟਿਕਾਣਿਆਂ ‘ਤੇ ਹਮਲੇ ਕਰ ਰਹੀ ਹੈ। ਇਸ ਤੋਂ ਪਹਿਲਾਂ ਫੌਜ ਨੇ ਕਿਹਾ ਸੀ ਕਿ ਉਹ ਜੰਗ ਲਈ ਤਿਆਰ ਹੈ। ਫੌਜ ਨੇ ਆਪਣੇ ਸੈਨਿਕਾਂ ਲਈ ‘ਯੁੱਧ ਲਈ ਤਿਆਰ’ ਦਾ ਅਲਰਟ ਜਾਰੀ ਕੀਤਾ ਸੀ।