July 7, 2024 9:36 am
Junagadh

ਜੂਨਾਗੜ੍ਹ ‘ਚ ਦੋ ਮੰਜ਼ਿਲਾ ਇਮਾਰਤ ਡਿੱਗੀ, ਕਈ ਜਣਿਆਂ ਦੇ ਹੇਠਾਂ ਦਬਣ ਦਾ ਖਦਸ਼ਾ

ਚੰਡੀਗੜ੍ਹ , 24 ਜੁਲਾਈ 2023: ਗੁਜਰਾਤ ਦੇ ਜੂਨਾਗੜ੍ਹ (Junagadh) ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਡਿਆਵਲ (Kadivar) ਇਲਾਕੇ ਵਿੱਚ ਇੱਕ ਇਮਾਰਤ ਡਿੱਗ ਗਈ। ਇਹ ਇਮਾਰਤ ਸਬਜ਼ੀ ਮੰਡੀ ਦੇ ਨੇੜੇ ਸੀ ਅਤੇ ਇਸ ਦੇ ਹੇਠਾਂ ਦੁਕਾਨਾਂ ਸਨ। ਸਬਜ਼ੀ ਮੰਡੀ ਹੋਣ ਕਾਰਨ ਇੱਥੇ ਕਾਫੀ ਭੀੜ ਰਹਿੰਦੀ ਹੈ। ਅਜਿਹੇ ‘ਚ ਕਈ ਜਣਿਆਂ ਦੇ ਹੇਠਾਂ ਦਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਕੁਝ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ 12-15 ਜਣਿਆ ਮਲਬੇ ਹੇਠਾਂ ਦੱਬੇ ਹੋਏ ਹਨ। ਪੁਲਿਸ ਅਤੇ SDRF ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸਥਾਨਕ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਮਾਰਤ ਬਹੁਤ ਪੁਰਾਣੀ ਸੀ। ਨਿਗਮ ਨੇ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਨੋਟਿਸ ਵੀ ਦਿੱਤਾ ਸੀ। ਸ਼ਨੀਵਾਰ ਨੂੰ ਸ਼ਹਿਰ ‘ਚ ਆਏ ਹੜ੍ਹ ਕਾਰਨ ਇਸ ਦੀ ਨੀਂਹ ਹੋਰ ਕਮਜ਼ੋਰ ਹੋ ਗਈ ਸੀ। ਇਸ ਕਾਰਨ ਅੱਜ ਇਹ ਇਮਾਰਤ ਢਹਿ ਗਈ।

ਗੁਜਰਾਤ ਦੇ ਜੂਨਾਗੜ੍ਹ (Junagadh) ਸ਼ਹਿਰ ‘ਚ ਸ਼ਨੀਵਾਰ ਨੂੰ ਚਾਰ ਘੰਟਿਆਂ ‘ਚ 10 ਇੰਚ ਮੀਂਹ ਪਿਆ। ਇਸ ਤੋਂ ਬਾਅਦ ਸ਼ਹਿਰ ਵਿਚ ਹੜ੍ਹ ਆ ਗਿਆ। ਅਗਲੇ ਦਿਨ ਯਾਨੀ ਐਤਵਾਰ ਨੂੰ ਵੀ ਜੂਨਾਗੜ੍ਹ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ। ਕਈ ਇਲਾਕਿਆਂ ਵਿੱਚ ਸੈਂਕੜੇ ਕੱਚੇ ਘਰ ਢਹਿ ਗਏ। ਜਿਹੜੇ ਇਲਾਕੇ ਪਾਣੀ ਵਿੱਚ ਡੁੱਬ ਗਏ ਸਨ, ਉਨ੍ਹਾਂ ਵਿੱਚ ਲੋਕਾਂ ਦਾ ਸਾਰਾ ਸਮਾਨ ਤਬਾਹ ਹੋ ਗਿਆ ਹੈ। ਹੜ੍ਹ ਦੀ ਲਪੇਟ ਵਿੱਚ ਆਏ ਸੈਂਕੜੇ ਪਸ਼ੂਆਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ।