ਅੰਮ੍ਰਿਤਸਰ, 16 ਜੂਨ 2023: ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ (Amritsar-Pathankot National Highway) ਨਜਦੀਕ ਬਟਾਲਾ ਬਾਈਪਾਸ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ | ਤੇਜ਼ ਰਫਤਾਰ ਟਰੱਕ ਨੇ ਸੜਕ ਪਾਰ ਕਰਦੇ ਹੋਏ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਉਥੇ ਹੀ ਟਰੱਕ ਡਰਾਈਵਰ ਬਿਨਾ ਰੁਕੇ ਤੇਜ਼ ਰਫਤਾਰ ਨਾਲ ਟਰੱਕ ਭਜਾ ਕੇ ਫ਼ਰਾਰ ਹੋ ਗਿਆ | ਜਦਕਿ ਹਾਈਵੇ ਪੁਲਿਸ ਪਾਰਟੀਆਂ ਵੱਲੋਂ ਟਰੱਕ ਨੂੰ ਕਾਬੂ ਕਰਨ ਲਈ ਉਸਦਾ ਪਿੱਛਾ ਕੀਤਾ ਜਾ ਰਿਹਾ ਹੈ |
ਮ੍ਰਿਤਕ ਮੋਟਰਸਾਈਕਲ ਸਵਾਰ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ | ਲਖਵਿੰਦਰ ਸਿੰਘ ਪਠਾਨਕੋਟ ਦੇ ਨਜਦੀਕ ਮਯੀਨੀ ਤੋਂ ਆਪਣੇ ਭਰਾ ਨੂੰ ਮਿਲਣ ਬਟਾਲਾ ਦੇ ਪਿੰਡ ਮਰੜ ਵਿਖੇ ਆਇਆ ਸੀ ਅਤੇ ਜਦਕਿ ਭਰਾ ਨੇ ਉਸਨੂੰ ਰਾਤ ਰੁਕਣ ਲਈ ਜ਼ੋਰ ਲਗਾਇਆ, ਲੇਕਿਨ ਲਖਵਿੰਦਰ ਵਾਪਸ ਪਠਾਨਕੋਟ ਵੱਲ ਨਿਕਲ ਪਿਆ |
ਜਦੋਂ ਉਹ ਪਿੰਡ ਮਰੜ ਤੋਂ ਜਿਵੇ ਹੀ ਕੁਝ ਦੂਰੀ ‘ਤੇ ਬਟਾਲਾ ਬਾਈਪਾਸ ਨੇੜੇ ਪਹੁੰਚਿਆ ਤਾਂ ਤੇਜ਼ ਰਫਤਾਰ ਆ ਰਹੇ ਟਰੱਕ ਨੇ ਲਖਵਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਜਿਸ ਦੇ ਚੱਲਦੇ ਲਖਵਿੰਦਰ ਦੀ ਮੌਕੇ ‘ਤੇ ਮੌਤ ਹੋ ਗਈ | ਮ੍ਰਿਤਕ ਦੇ ਰਿਸਤੇਦਾਰ ਨੇ ਦੱਸਿਆ ਕਿ ਲਖਵਿੰਦਰ ਦੀ ਉਮਰ ਕਰੀਬ 45 ਸਾਲ ਹੈ ਅਤੇ ਪਰਿਵਾਰ ‘ਚ ਉਸਦੀ ਪਤਨੀ ਅਤੇ ਦੋ ਬੇਟੇ ਹਨ |