ਐਸ.ਏ.ਐਸ.ਨਗਰ, 29 ਸਤੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ ਝੋਨੇ ਦੀ ਪਰਾਲੀ ਨਾਲ ਨਜਿੱਠਣ ਲਈ ਜ਼ਿਲ੍ਹੇ ਦੀਆਂ ਪਰਾਲੀ ਪ੍ਰਬੰਧਨ ਇਕਾਈਆਂ ਨੂੰ ਆਰਜ਼ੀ ਸਟਾਕ ਸਾਈਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਨਿਗੂਣੀਆਂ ਕਰਨ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਸਾਨੂੰ ਟੀ.ਸੀ. ਟੈਰੀਟੈਕਸ ਲਿਮਟਿਡ, ਨਚੀਕੇਤਾ ਪੇਪਰ ਲਿਮਟਿਡ, ਵਿੰਡਸਰ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਅਤੇ ਵਾਈ.ਸੀ.ਡੀ ਇੰਡਸਟਰੀਅਲ ਲਿਮਿਟੇਡ ਤੋਂ ਵੱਖ-ਵੱਖ ਥਾਵਾਂ ‘ਤੇ 87 ਏਕੜ ਸਟਾਕ ਸਾਈਟਾਂ ਦੀ ਮੰਗ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਸਾਈਟਾਂ ਬਹੁਤ ਮਾਮੂਲੀ ਫੀਸ ‘ਤੇ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਜੋ ਐਕਸ-ਸੀਟੂ ਪ੍ਰਕਿਰਿਆ ਦੁਆਰਾ ਪਰਾਲੀ ਦੇ ਨਿਪਟਾਰੇ ਲਈ ਉਨ੍ਹਾਂ ਦੇ ਯਤਨਾਂ ਵਿੱਚ ਸਹਾਇਤਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ 20 ਬੇਲਰਾਂ ਅਤੇ ਰੇਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ ਕਿਉਂ ਜੋ 14 ਹੋਰ ਬੇਲਰ ਮਨਜ਼ੂਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨਾਂ ਨੂੰ ਕੁੱਲ 352 ਇਨ-ਸੀਟੂ ਅਤੇ ਐਕਸ-ਸੀਟੂ ਪ੍ਰਣਾਲੀ ਰਾਹੀਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਸਬਸਿਡੀ ਦਰਾਂ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਜਿਨ੍ਹਾਂ ਵਿੱਚੋਂ 144 ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ 51 ਖਰੀਦੀਆਂ ਜਾ ਚੁੱਕੀਆਂ ਹਨ।
ਉਪ ਮੰਡਲ ਮੈਜਿਸਟਰੇਟਾਂ ਨੂੰ ਮਸ਼ੀਨਰੀ ਦੀ ਖਰੀਦ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸੀ ਆਰ ਐਮ ਮਸ਼ੀਨਰੀ ਖਰੀਦਣ ਵਾਲੇ ਸਾਰੇ ਪ੍ਰਾਰਥੀਆਂ ਦੇ ਸੰਪਰਕ ਵਿੱਚ ਰਹਿਣ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸੰਵੇਨਸ਼ੀਲ ਖੇਤਰਾਂ ਵਿੱਚ ਮਸ਼ੀਨਾਂ ਦੀ ਉਪਲਬਧਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 352 ਸੀ.ਆਰ.ਐਮ. ਮਸ਼ੀਨਰੀ ਦੇ ਅੰਕੜੇ ਵਿੱਚ 184 ਸਰਫੇਸ ਸੀਡਰ ਵੀ ਸ਼ਾਮਲ ਹਨ, ਜੋ ਕਿ ਝੋਨੇ ਦੀ ਪਰਾਲੀ ਦੇ ਇਨ-ਸੀਟੂ ਪ੍ਰਬੰਧਨ ਲਈ ਪੀ ਏ ਯੂ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਨ ਦੇ ਹਿੱਤ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੇ ਨਿਪਟਾਰੇ ਲਈ ਵੱਧ ਤੋਂ ਵੱਧ ਸੀ ਆਰ ਐਮ ਮਸ਼ੀਨਰੀ ਦੀ ਵਰਤੋਂ ਕਰਨ ਲਈ ਵੀ ਕਿਹਾ।
ਮੀਟਿੰਗ ਵਿੱਚ ਐਸ ਡੀ ਐਮਜ਼ ਚੰਦਰਜੋਤੀ ਸਿੰਘ ਮੋਹਾਲੀ, ਹਿਮਾਂਸ਼ੂ ਗੁਪਤਾ ਡੇਰਾਬੱਸੀ, ਡੇਵੀ ਗੋਇਲ ਖਰੜ, ਡੀ ਡੀ ਪੀ ਓ ਅਮਨਿੰਦਰਪਾਲ ਸਿੰਘ ਚੌਹਾਨ, ਡੀ ਆਰ ਗੁਰਬੀਰ ਸਿੰਘ ਢਿੱਲੋਂ, ਏ ਡੀ ਓ ਗੁਰਦਿਆਲ ਕੁਮਾਰ ਤੋਂ ਇਲਾਵਾ ਬੇਲਰ ਮਾਲਕ ਅਤੇ ਪਰਾਲੀ ਸਾੜਨ ਵਾਲੇ ਬੁਆਇਲਰਾਂ ਨਾਲ ਲੈਸ ਯੂਨਿਟਾਂ ਵਾਲੀਆਂ ਫੈਕਟਰੀਆਂ ਦੇ ਨੁਮਾਇੰਦੇ ਹਾਜ਼ਰ ਸਨ।