July 7, 2024 2:28 pm
Mohali

ਪ੍ਰਸ਼ਨੋਤਰੀ ਮੁਕਾਬਲਿਆਂ ‘ਚ ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਕੁੱਲ 265 ਵਿਦਿਆਰਥੀਆਂ ਨੇ ਭਾਗ ਲੈ ਕੇ ਕਾਇਮ ਕੀਤੀ ਮਿਸਾਲ

ਐਸ.ਏ.ਐਸ.ਨਗਰ, 24 ਅਗਸਤ, 2023: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਕਲ੍ਹ ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੋਹਾਲੀ (Mohali) ਵਿਖੇ ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਚ ਬਹੁਤ ਉਤਸ਼ਾਹ ਸੀ।

ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ , ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ।

ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਇੰਦਰ ਪਾਲ (ਪੀ.ਸੀ.ਐੱਸ.) ਮੁੱਖ ਮੰਤਰੀ ਫ਼ੀਲਡ ਅਫ਼ਸਰ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਲਈ ਪੰਜਾਬ ਦੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨੋਤਰੀ ਮੁਕਾਬਲੇ ਉਲੀਕਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਸਰਬਪੱਖੀ ਵਿਕਾਸ ਲਈ ਅਜਿਹੇ ਮੁਕਾਬਲਿਆਂ ਦਾ ਹਿੱਸਾ ਬਣਨ ਲਈ ਪ੍ਰੇਰਿਆ ਗਿਆ।

Mohali

ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਮੁੱਖ ਮਹਿਮਾਨ ਇੰਦਰ ਪਾਲ (ਪੀ.ਸੀ.ਐੱਸ.) ਮੁੱਖ ਮੰਤਰੀ ਫ਼ੀਲਡ ਅਫ਼ਸਰ ਵੱਲੋਂ ਭਾਗੀਦਾਰੀ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਇਨ੍ਹਾਂ ਕੁਇਜ਼ ਮੁਕਾਬਲਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ 265 ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪ੍ਰਸ਼ਨੋਤਰੀ ਮੁਕਾਬਲਿਆਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਲਿਖਤੀ ਕਰਵਾਏ ਗਏ ਅਤੇ ਇਹਨਾਂ ਲਈ ਇੱਕ ਘੰਟਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਧਰਮ, ਸ਼ਖਸੀਅਤਾਂ, ਸੱਭਿਆਚਾਰਕ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ ਕੁੱਲ 100 ਪ੍ਰਸ਼ਨ ਪੁੱਛੇ ਗਏ ਤੇ ਪ੍ਰਸ਼ਨ ਪੱਤਰ ਦੇ ਕੁੱਲ ਅੰਕ 400 ਸਨ।

ਪ੍ਰਸ਼ਨੋਤਰੀ ਮੁਕਾਬਲਿਆਂ ਦੇ ਨਤੀਜਿਆਂ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਕਿ ਵਰਗ ‘ੳ’ (ਛੇਵੀਂ ਤੋਂ ਅੱਠਵੀਂ) ਵਿੱਚ ਪਹਿਲਾ ਸਥਾਨ ਅੰਸ਼ਿਕਾ ਸ਼ਰਮਾ (ਸ.ਹ.ਸ.ਗਾਜ਼ੀਪੁਰ), ਦੂਜਾ ਸਥਾਨ ਮਹਿਕਦੀਪ ਕੌਰ (ਸ.ਸ.ਸ.ਸ.ਨਿਆਂ ਸ਼ਹਿਰ ਬਡਾਲਾ) ਅਤੇ ਤੀਜਾ ਸਥਾਨ ਰੌਸ਼ਨਦੀਪ ਸਿੰਘ (ਸ.ਹ.ਸ.ਰੁੜਕੀ ਪੁੱਖਤਾ) ਨੇ ਪ੍ਰਾਪਤ ਕੀਤਾ। ਇਸੇ ਪ੍ਰਕਾਰ ਵਰਗ ‘ਅ’ (ਨੌਵੀਂ ਤੋਂ ਬਾਰ੍ਹਵੀਂ) ਵਿੱਚ ਪਹਿਲਾ ਸਥਾਨ ਤਮੰਨਾ (ਸ.ਸ.ਸ.ਸ.ਅਮਲਾਲਾ), ਦੂਜਾ ਸਥਾਨ ਰਜਨਦੀਪ ਕੌਰ (ਸ.ਮਾ.ਸੀ.ਸੈ.ਸ.ਖਰੜ) ਅਤੇ ਤੀਜਾ ਸਥਾਨ ਮਨਪ੍ਰੀਤ ਕੌਰ (ਸ.ਸ.ਸ.ਸ.ਦਿਆਲਪੁਰਾ ਸੋਢੀਆਂ) ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ੲ’ ਵਰਗ (ਗ੍ਰੈਜੂਏਸ਼ਨ) ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ 1302 (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ), ਦੂਜਾ ਸਥਾਨ ਮਨਪ੍ਰੀਤ ਕੌਰ 1301 (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੂਮਾਜਰਾ) ਅਤੇ ਤੀਜਾ ਸਥਾਨ ਕਿਰਨਦੀਪ ਕੌਰ (ਸਰਕਾਰੀ ਕਾਲਜ, ਮੋਹਾਲੀ(Mohali) ) ਨੇ ਪ੍ਰਾਪਤ ਕੀਤਾ। ਜ਼ਿਲ੍ਹੇ ਵਿੱਚੋਂ ਵੱਖ ਵੱਖ ਵਰਗਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਇਸ ਮੌਕੇ ਖੋਜ ਅਫ਼ਸਰ ਦਰਸ਼ਨ ਕੌਰ, ਖੋਜ ਇੰਸਟ੍ਰਕਟਰ ਜਤਿੰਦਰਪਾਲ ਸਿੰਘ, ਸੀਨੀਅਰ ਸਹਾਇਕ ਮਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੋਹਾਲੀ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।