ਚੰਡੀਗੜ੍ਹ, 30 ਨਵੰਬਰ 2023: ਫਰੀਦਕੋਟ-ਕੋਟਕਪੂਰਾ ਰੋਡ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਟਿੱਪਰ ਨੇ ਬਰਾਤੀਆਂ ਨਾਲ ਭਰੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਬਰਾਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਫਰੀਦਕੋਟ ਦੇ ਦਸਮੇਸ਼ ਨਗਰ ਤੋਂ ਇੱਕ ਬਰਾਤੀਆਂ ਨਾਲ ਭਰੀ ਬੱਸ ਬਠਿੰਡਾ ਜਾ ਰਹੀ ਸੀ। ਬੱਸ ਜਦੋਂ ਕੋਟਕਪੂਰਾ ਰੋਡ ‘ਤੇ ਇਕ ਹੋਟਲ ਨੇੜੇ ਪਾਣੀ ਦੀਆਂ ਬੋਤਲਾਂ ਲੈਣ ਲਈ ਸੜਕ ਕਿਨਾਰੇ ਰੁਕੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਸੜਕ ਕਿਨਾਰੇ ਖੇਤਾਂ ਵਿੱਚ ਜਾ ਡਿੱਗੀ। ਇਸ ਹਾਦਸੇ ਦੌਰਾਨ ਬੱਸ ਵਿੱਚ ਬੈਠੇ ਦੋ ਵਿਆਹ ਵਾਲੇ ਜਣਿਆਂ ਦੀਆਂ ਲੱਤਾਂ ਟੁੱਟ ਗਈਆਂ।
ਜਦੋਂਕਿ ਵਿਆਹ ਦੇ ਮਹਿਮਾਨਾਂ ਤੋਂ ਇਲਾਵਾ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਜ਼ਖਮੀ ਹੋ ਗਏ। ਬੱਸ ਡਰਾਈਵਰ ਅਨੁਸਾਰ ਟਿੱਪਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦਾ ਟਿੱਪਰ ਬੇਕਾਬੂ ਹੋ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਦੀ ਮੱਦਦ ਨਾਲ ਜ਼ਖਮੀ ਬਰਾਤੀਆਂ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਪਹੁੰਚਾਇਆ। ਇਸ ਟੱਕਰ ਦੌਰਾਨ ਟਿੱਪਰ ਅਤੇ ਬੱਸ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਟਿੱਪਰ ‘ਚ ਸਫਰ ਕਰ ਰਹੇ ਇਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜੋ ਖੁਦ ਦਾ ਸਹਾਇਕ ਦੱਸਿਆ ਹੈ। ਫਿਲਹਾਲ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।