July 7, 2024 5:49 am
Delhi

ਦਿੱਲੀ ਦੇ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਿਕਲੀ ਅਫ਼ਵਾਹ

ਚੰਡੀਗੜ੍ਹ, 16 ਮਈ 2023: ਦੇਸ਼ ਦੀ ਰਾਜਧਾਨੀ ਦਿੱਲੀ (Delhi)  ਦੇ ਇੱਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ । ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 6:45 ਵਜੇ ਦਿੱਲੀ ਦੇ ਸਾਕੇਤ ਦੇ ਪੁਸ਼ਪ ਵਿਹਾਰ ਸਥਿਤ ਅੰਮ੍ਰਿਤਾ ਪਬਲਿਕ ਸਕੂਲ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਬੰਬ ਦੀ ਸੂਚਨਾ ਈ-ਮੇਲ ਰਾਹੀਂ ਦਿੱਤੀ ਗਈ ਸੀ।ਦੱਖਣੀ ਜ਼ਿਲ੍ਹੇ ਦੇ ਡੀਸੀਪੀ ਚੰਦਨ ਚੌਧਰੀ ਨੇ ਦੱਸਿਆ ਕਿ ਈ-ਮੇਲ ਮਿਲਣ ਤੋਂ ਬਾਅਦ ਸਕੂਲ ਵਿੱਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਥਾਂ-ਥਾਂ ਚੈਕਿੰਗ ਕੀਤੀ ਗਈ। ਪੁਲਿਸ ਨੂੰ ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਉਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਿਫੈਂਸ ਕਲੋਨੀ ਅਤੇ ਡੀਪੀਐਸ ਮਥੁਰਾ ਰੋਡ ਸਥਿਤ ਇੰਡੀਅਨ ਪਬਲਿਕ ਸਕੂਲ ਵਿੱਚ ਦੋ ਵਾਰ ਬੰਬ ਹੋਣ ਦੀ ਸੂਚਨਾ ਮਿਲ ਚੁੱਕੀ ਹੈ। 26 ਅਪ੍ਰੈਲ ਨੂੰ ਮਥੁਰਾ ਰੋਡ ‘ਤੇ ਸਥਿਤ ਦਿੱਲੀ (Delhi) ਪਬਲਿਕ ਸਕੂਲ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਸਕੂਲ ਪ੍ਰਸ਼ਾਸਨ ਨੂੰ ਸਵੇਰੇ 8:10 ਵਜੇ ਪੀਸੀਆਰ ਕਾਲ ਰਾਹੀਂ ਸਕੂਲ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਦਿੱਲੀ ਦੇ ਦੱਖਣ ਪੂਰਬ ਦੇ ਡੀਸੀਪੀ ਰਾਜੇਸ਼ ਦੇਵ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਬੰਬ ਨਿਰੋਧਕ ਟੀਮ ਅਤੇ ਸਥਾਨਕ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ। ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ।