ਚੰਡੀਗੜ੍ਹ, 29 ਅਕਤੂਬਰ, 2024: ਰਾਜਸਥਾਨ ਦੇ ਜ਼ਿਲ੍ਹੇ ਸੀਕਰ (Sikar) ਦੇ ਲਕਸ਼ਮਣਗੜ੍ਹ ਇਲਾਕੇ ‘ਚ ਬੱਸ ਹਾਦਸੇ ‘ਚ 12 ਜਣਿਆਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ। ਲਕਸ਼ਮਣਗੜ੍ਹ ‘ਚ ਮੰਗਲਵਾਰ ਦੁਪਹਿਰ ਨੂੰ ਇੱਕ ਭਿਆਨਕ ਬੱਸ ਹਾਦਸੇ ‘ਚ 12 ਜਣਿਆਂ ਦੀ ਮੌਤ ਹੋਣ ਦੇ ਨਾਲ-ਨਾਲ 35 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ।
ਉਹ ਹਾਦਸਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇੱਕ ਨਿੱਜੀ ਬੱਸ ਸਲੇਸਰ ਤੋਂ ਲਕਸ਼ਮਣਗੜ੍ਹ ਜਾ ਰਹੀ ਸੀ ਅਤੇ ਫਲਾਈਓਵਰ ਨੇੜੇ ਮੋੜ ਮੁੜਦੇ ਸਮੇਂ ਕੰਧ ਨਾਲ ਟਕਰਾ ਗਈ। ਜ਼ਖਮੀਆਂ ਨੂੰ ਇਲਾਜ ਲਈ ਲਕਸ਼ਮਣਗੜ੍ਹ ਅਤੇ ਸੀਕਰ ਦੇ ਹਸਪਤਾਲਾਂ ‘ਚ ਲਿਜਾਇਆ ਗਿਆ। ਜਿੱਥੇ 7 ਦੀ ਹਾਲਤ ਨਾਜ਼ੁਕ ਹੋਣ ‘ਤੇ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ ।
ਇਸ ਹਾਦਸੇ ਬਾਰੇ ਸੀਕਰ ਦੇ ਐਸਪੀ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਬੱਸ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਫਲਾਈਓਵਰ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ‘ਚ 12 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 35 ਤੋਂ ਵੱਧ ਜ਼ਖਮੀ ਯਾਤਰੀਆਂ ਨੂੰ ਲਕਸ਼ਮਣਗੜ੍ਹ ਅਤੇ ਸੀਕਰ (Sikar) ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ।