ਚੰਡੀਗੜ੍ਹ 31ਜੁਲਾਈ 2023: ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਦੇ ਬਾਜੌਰ ‘ਚ ਇਕ ਸਿਆਸੀ ਰੈਲੀ ਦੌਰਾਨ ਆਤਮਘਾਤੀ ਹਮਲੇ ‘ਚ ਹੁਣ ਤੱਕ 44 ਜਣਿਆਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਪੁਲਿਸ ਦੇ ਮੁਤਾਬਕ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਤਮਘਾਤੀ ਹਮਲੇ ਪਿੱਛੇ ਖਤਰਨਾਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਹੱਥ ਹੈ | ਇਹ ਆਤਮਘਾਤੀ ਹਮਲਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਸੱਤਾਧਾਰੀ ਗਠਜੋੜ ਦੇ ਸਹਿਯੋਗੀ ਜਮੀਅਤ ਉਲੇਮਾ ਇਸਲਾਮ-ਫਜ਼ਲ ਵੱਲੋਂ ਖਾਰ ਸ਼ਹਿਰ ‘ਚ ਰੈਲੀ ਕੀਤੀ ਜਾ ਰਹੀ ਸੀ।
ਪਾਕਿਸਤਾਨ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਅਜੇ ਵੀ ਬਜੌਰ ਧਮਾਕੇ ਦੀ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਜਾਣਕਾਰੀ ਇਕੱਠੀ ਕਰ ਰਹੇ ਹਾਂ। ਸ਼ੁਰੂਆਤੀ ਜਾਂਚ ‘ਚ ਪਾਬੰਦੀਸ਼ੁਦਾ ਸੰਗਠਨ ਦਾਏਸ਼ (ਆਈ. ਐੱਸ. ਆਈ. ਐੱਸ.) ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੰਬ ਨਿਰੋਧਕ ਦਸਤਾ ਵੀ ਮੌਕੇ ‘ਤੇ ਸਬੂਤ ਇਕੱਠੇ ਕਰਨ ‘ਚ ਜੁਟਿਆ ਹੋਇਆ ਹੈ। ਖੈਬਰ ਪਖਤੂਨਖਵਾ (Khyber Pakhtunkhwa) ਦੇ ਪੁਲਿਸ ਮੁਖੀ ਅਖਤਰ ਹਯਾਤ ਖਾਨ ਨੇ ਦੱਸਿਆ ਕਿ ਧਮਾਕੇ ‘ਚ 10 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਭੀੜ ਦੇ ਸਾਹਮਣੇ ਅਤੇ ਸਟੇਜ ਦੇ ਨੇੜੇ ਸੀ।
ਹਮਲੇ ‘ਚ ਜਮੀਅਤ ਉਲੇਮਾ ਇਸਲਾਮ-ਫਜ਼ਲ ਦੇ ਕਈ ਆਗੂਆਂ ਦੀ ਮੌਤ ਹੋ ਗਈ ਹੈ। ਹਮਲਾਵਰ ਨੇ ਸਟੇਜ ਨੇੜੇ ਖੁਦ ਨੂੰ ਉਡਾ ਲਿਆ। ਹਮਲੇ ‘ਚ ਜ਼ਖਮੀ ਹੋਏ 15 ਜਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਰਾਹੀਂ ਪੇਸ਼ਾਵਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।