ਚੰਡੀਗੜ੍ਹ, 04 ਅਗਸਤ 2023: ਪੰਜਾਬ ਦੇ ਅੰਮ੍ਰਿਤਸਰ ‘ਚ ਪੰਜਾਬ ਰੋਡਵੇਜ਼ (Punjab Roadways) ਦੀ ਖੜ੍ਹੀ ਬੱਸ ‘ਚ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਬੱਸ ਪੂਰੀ ਤਰ੍ਹਾਂ ਸੜ ਗਈ। ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਵਰਕਸ਼ਾਪ ਦੇ ਨੇੜੇ ਖੜ੍ਹੀਆਂ ਬੱਸਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਹ ਘਟਨਾ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਪੰਜਾਬ ਰੋਡਵੇਜ਼ (Punjab Roadways) ਵਰਕਸ਼ਾਪ ਵਿਖੇ ਵਾਪਰੀ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆਈ ਪਨਬੱਸ ਦੇਰ ਰਾਤ 2:30 ਵਜੇ ਰੋਡਵੇਜ਼ ਵਰਕਸ਼ਾਪ ਕੋਲ ਪੁੱਜੀ। ਰਾਤ ਠੀਕ ਖੜ੍ਹੀ ਸੀ, ਬਾਅਦ ਵਿੱਚ ਸਵੇਰੇ 5 ਵਜੇ ਦੇ ਕਰੀਬ ਵਰਕਸ਼ਾਪ ਪੁੱਜੇ ਮੁਲਾਜ਼ਮਾਂ ਨੇ ਬੱਸ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਸਾਰਿਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ।
ਕੁਝ ਮਿੰਟਾਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਪਰ ਉਦੋਂ ਤੱਕ ਅੱਗ ਪੂਰੀ ਬੱਸ ਵਿੱਚ ਫੈਲ ਚੁੱਕੀ ਸੀ। ਅੱਗ ‘ਤੇ ਕਾਬੂ ਪਾਉਣ ‘ਚ 1 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅੱਗ ਲੱਗਣ ਕਾਰਨ ਬੱਸ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਬੱਸ ਦੀਆਂ ਸੀਟਾਂ, ਛੱਤ ਅਤੇ ਖਿੜਕੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸ ਦੀ ਸੂਚਨਾ ਵਿਭਾਗ ਦੀ ਤਰਫੋਂ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਜਦੋਂ ਘਟਨਾ ਵਾਪਰੀ ਤਾਂ ਵਰਕਸ਼ਾਪ ਦੇ ਆਲੇ-ਦੁਆਲੇ 50 ਤੋਂ ਵੱਧ ਬੱਸਾਂ ਖੜ੍ਹੀਆਂ ਸਨ। ਅੱਗ ਫੈਲਦੀ ਤਾਂ ਹੋਰ ਬੱਸਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ।