ਪਠਾਨਕੋਟ 13 ਦਸੰਬਰ 2023: ਪੰਜਾਬ ਦੇ ਸਰਕਾਰੀ ਸਕੂਲ ‘ਚ ਅਧਿਆਪਕ ਵੱਲੋਂ ਵਿਦਿਆਰਥੀ (student) ਰੋਹਨ ਨਾਲ ਕੁੱਟਮਾਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ | ਤਾਜ਼ਾ ਮਾਮਲਾ ਪਠਾਨਕੋਟ ਦੇ ਬੁੰਗਲ ਬਧਾਨੀ ਸੀਨੀਅਰ ਸਕੈਂਡਰੀ ਸਕੂਲ ਤੋਂ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿਚ ਪੰਜਾਬੀ ਦੇ ਅਧਿਆਪਕ ਨੇ ਮਹਿਜ ਹੱਸਣ ‘ਤੇ ਸਕੂਲ ਦੇ ਵਿਦਿਆਰਥੀ ਨਾਲ ਕੁੱਟਮਾਰ ਕਰ ਦਿੱਤੀ | ਜਿਸ ਵਿਚ 12ਵੀ ਦੇ ਵਿਦਿਆਰਥੀ ਦੇ ਕੰਨ ਦਾ ਪਰਦਾ ਫਟ ਗਿਆ | ਵਿਦਿਆਰਥੀ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਸਬੰਧਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਸਕੂਲ ‘ਚ ਨਹੀਂ ਮਿਲੇ।
ਪੀੜਿਤ ਵਿਦਿਆਰਥੀ (student) ਰੋਹਨ ਦੇ ਪਿਤਾ ਰਾਜਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਦਿਹਾੜੀ ਦਾ ਕੰਮ ਕਰਦੇ ਹਨ ਤੇ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਗਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਪੁੱਤ ਨਾਲ ਨੂੰ ਸਕੂਲ ਦੇ ਅਧਿਆਪਕ ਵੱਲੋਂ ਕੁੱਟਿਆ ਗਿਆ ਹੈ | ਉਨ੍ਹਾਂ ਦੱਸਿਆ ਜਦੋਂ ਉਹ ਇਲਾਜ ਦੇ ਲਈ ਬੱਚੇ ਨੂੰ ਲੈ ਕੇ ਗਏ ਤਾਂ ਪਤਾ ਚੱਲਿਆ ਬੱਚੇ ਦਾ ਕੰਨ ਦਾ ਪਰਦਾ ਫਟ ਚੁੱਕਿਆ ਹੈ। ਇਸ ਮੌਕੇ ਉਹਨਾਂ ਅਜਿਹੇ ਅਧਿਆਪਕਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜੋ ਵਿਦਿਆਰਥੀਆਂ ‘ਤੇ ਇਸ ਤਰਾਂ ਤਸ਼ਦਤ ਕਰਦੇ ਹਨ ।
ਇਸ ਸਬੰਧੀ ਡਾਕਟਰ ਸਚਿਨ ਗੁਕੇਰੀਆ ਨੇ ਦੱਸਿਆ ਕਿ ਉਹਨਾਂ ਕੋਲ ਇਕ ਬੱਚਾ ਇਲਾਜ ਕਰਵਾਉਣ ਲਈ ਆਇਆ ਹੈ | ਬੱਚੇ ਨੂੰ ਸੁਣਨ ‘ਚ ਪ੍ਰੇਸ਼ਾਨੀ ਆ ਰਹੀ ਹੈ | ਜਿਸ ਦੇ ਚੱਲਦੇ ਸਾਡੇ ਵੱਲੋਂ ਮੁੱਢਲਾ ਇਲਾਜ ਦੇ ਕੇ ਮਰੀਜ਼ ਨੂੰ ਪਠਾਨਕੋਟ ਸਿਵਿਲ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।