ਚੰਡੀਗੜ੍ਹ, 26 ਸਤੰਬਰ 2023: ਪਸ਼ੂਆਂ ਦੀ ਸਿਹਤ ਸੰਭਾਲ ਵਿੱਚ ਵੈਟਰਨਰੀ ਡਾਕਟਰਾਂ ਦੀ ਅਹਿਮ ਭੂਮਿਕਾ ਨੂੰ ਉਤਸ਼ਾਹਿਤ ਕਰਨ ਅਤੇ ਮਾਨਤਾ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਨਗਰ (ਮੋਹਾਲੀ) ਵਿਖੇ “ਵੈਟਰਨਰੀ ਪੇਸ਼ੇ (Veterinary Profession) ਵਿੱਚ ਵਿਭਿੰਨਤਾ, ਭਾਈਵਾਲੀ ਅਤੇ ਸਮੁੱਚਤਾ ਨੂੰ ਉਤਸ਼ਾਹਿਤ ਕਰਨ” ਸਬੰਧੀ ਸੂਬਾ ਪੱਧਰੀ ਤਕਨੀਕੀ ਵਰਕਸ਼ਾਪ ਕਰਵਾਈ ਜਾਵੇਗੀ।
ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿੱਚ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਦੇਸ਼ ਭਰ ਦੇ ਨਾਮਵਰ ਮਾਹਿਰ ਆਪਣੇ ਵੱਡਮੁੱਲੇ ਵਿਚਾਰ ਸਾਂਝਾ ਕਰਨਗੇ ਜਿਸ ਨਾਲ ਇਹ ਵਰਕਸ਼ਾਪ ਵੈਟਰਨਰੀ (Veterinary Profession) ਕਮਿਊਨਿਟੀ ਲਈ ਬਹੁਤ ਅਹਿਮ ਬਣ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਨਗੇ, ਜਦਕਿ ਵੈਟਰਨਰੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਡਾ. ਉਮੇਸ਼ ਚੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਵੈਟਰਨਰੀ ਡਾਕਟਰਾਂ ਵੱਲੋਂ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਸੂਬੇ ਵਿੱਚ ਕਰਵਾਈ ਜਾ ਰਹੀ ਇਹ ਆਪਣੀ ਕਿਸਮ ਦੀ ਪਹਿਲੀ ਵਰਕਸ਼ਾਪ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਵੈਟਰਨਰੀ ਕੌਂਸਲ, ਸੂਬੇ ਦੇ ਸਾਰੇ ਵੈਟਰਨਰੀ ਡਾਕਟਰਾਂ ਨੂੰ ਰਜਿਸਟਰ ਕਰਨ ਵਾਲੀ ਇਕ ਵਿਧਾਨਕ ਸੰਸਥਾ ਹੈ। ਰਜਿਸਟਰ ਹੋਣ ਉਪਰੰਤ ਵੈਟਰਨਰੀ ਡਾਕਟਰ ਵੈਟਰਨਰੀ ਖੇਤਰ ਵਿੱਚ ਪ੍ਰੈਕਟਿਸ ਕਰ ਸਕਦੇ ਹਨ ਅਤੇ ਸੰਸਥਾ ਦੇ ਰਜਿਸਟਰਡ ਵੈਟਰਨਰੀ ਪ੍ਰੈਕਟੀਸ਼ਨਰਾਂ ਨੂੰ ਵਰਕਸ਼ਾਪ/ਸੈਮੀਨਾਰਾਂ ਰਾਹੀਂ ਸਿਖਲਾਈ ਪ੍ਰਦਾਨ ਕਰ ਸਕਦੇ ਹਨ।