ਸ੍ਰੀ ਮੁਕਤਸਰ ਸਾਹਿਬ 07 ਜਨਵਰੀ 2023: ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮਾਰਗ ਤੇ ਬੀਤੀ ਰਾਤ ਭਿਆਨਕ ਸੜਕ ਹਾਦਸੇ ਵਿਚ ਤਿੰਨ ਪ੍ਰਵਾਸੀ ਮਜਦੂਰਾਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਪੈਲੇਸ ਵਿਚ ਵੇਟਰ ਦਾ ਕੰਮ ਕਰਦੇ ਸੱਤ ਪ੍ਰਵਾਸੀ ਮਜ਼ਦੂਰ ਤੁਰ ਕੇ ਪੈਲੇਸ ਵਾਲੇ ਪਾਸੇ ਆ ਰਹੇ ਸੀ ਕਿ ਮਗਰੋ ਬਠਿੰਡਾ ਵਾਲੇ ਪਾਸੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਇਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਹਾਦਸੇ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ।ਬੇਕਾਬੂ ਹੋਈ ਕਾਰ ਸੜਕ ਕਿਨਾਰੇ ਬਣੇ ਕੋਠੇ ਨਾਲ ਜਾ ਟਕਰਾਈ। ਇਸ ਦੌਰਾਨ ਕਾਰ ਚਾਲਕ ਅਤੇ ਇਕ ਕਾਰ ਸਵਾਰ ਵੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਰੋਡ ‘ਤੇ ਪਿੰਡ ਭੁੱਲਰ ਨੇੜੇ ਸਥਿਤ ਅਰਜੁਨ ਕੈਸਲ ਵਿਖੇ ਵੇਟਰ ਵਜੋਂ ਕੰਮ ਕਰਦੇ ਸੱਤ ਨੇਪਾਲੀ ਵੇਟਰ ਆਪਣੇ ਕੰਮ ਲਈ ਪਿੰਡ ਭੁੱਲਰ ਨਹਿਰਾਂ ਨੇੜੇ ਬਣੀਆਂ ਦੁਕਾਨਾਂ ਤੋਂ ਸਮਾਨ ਲੈ ਵਾਪਸ ਆ ਰਹੇ ਸਨ ਕਿ ਇਸ ਦੌਰਾਨ ਬਠਿੰਡਾ ਤੋਂ ਮੁਕਤਸਰ ਵੱਲ ਆ ਰਹੀ ਈਟੀੳਸ ਲੀਵਾ ਕਾਰ ਨੰਬਰ ਡੀ ਐਸ 9 ਸੀ ਏਈ 1685 ਨੇ ਇਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਦੌਰਾਨ ਤਿੰਨ ਵਿਅਕਤੀਆਂ ਰੋਹਿਤ ਅਚਾਰੀਆ, ਡਿਲਨ ਥਾਪਾ ਅਤੇ ਸੰਤੋਸ਼ ਥਾਪਾ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਦੋ ਵਿਅਕਤੀ ਰੋਹਿਤ ਥਾਪਾ ਅਤੇ ਸਮੀਰ ਚੌਹਾਨ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਨੂੰ ਬੁੱਟਰ ਸ਼ਰੀ ਵਾਸੀ ਮਹਿਕਦੀਪ ਸਿੰਘ ਚਲਾ ਰਿਹਾ ਸੀ ਅਤੇ ਕਾਰ ਵਿਚ ਗੁਰਕਰਨ ਸਿੰਘ ਉਸ ਨਾਲ ਸਵਾਰ ਸੀ। ਇਸ ਦੌਰਾਨ ਮਹਿਕਦੀਪ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਦਕਿ ਗੁਰਕਰਨ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ੇਰੇ ਇਲਾਜ ਹੈ।
ਦੋ ਜਖਮੀ ਪ੍ਰਵਾਸੀ ਮਜ਼ਦੂਰ ਵੀ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ੇਰੇ ਇਲਾਜ ਹਨ। ਇਸ ਮਾਮਲੇ ਵਿਚ ਪੁਲਿਸ ਨੇ ਮੌਕੇ ‘ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖਮੀ ਕਾਰ ਸਵਾਰ ਗੁਰਕਰਨ ਅਨੁਸਾਰ ਉਹ ਇਕ ਵਿਆਹ ਸਮਾਗਮ ਵਿਚ ਹਿੱਸਾ ਲੈ ਵਾਪਸ ਆ ਰਹੇ ਸਨ ਕਿ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ |