ex-servicemen

ਪੰਜਾਬ ‘ਚ ਸਾਬਕਾ ਫੌਜੀਆਂ ਤੇ ਵਿਧਵਾਵਾਂ ਲਈ ‘ਲਾਈਵ ਸਰਟੀਫਿਕੇਟ’ ਅਪਲੋਡ ਕਰਨ ਸੰਬੰਧੀ ਵਿਸ਼ੇਸ਼ ਮੁਹਿੰਮ ਦੀ ਹੋਵੇਗੀ ਸ਼ੁਰੂਆਤ

ਚੰਡੀਗੜ੍ਹ, 8 ਨਵੰਬਰ 2024: ਪੰਜਾਬ ਸਰਕਾਰ ਦੇ ਰੱਖਿਆ ਭਲਾਈ ਵਿਭਾਗ ਦੁਆਰਾ ਸਾਬਕਾ ਫੌਜੀਆਂ (Ex-Servicemen) ਅਤੇ ਵਿਧਵਾਵਾਂ ਲਈ ਆਪਣੇ ਜੀਵਨ ਪ੍ਰਮਾਣ ਪੱਤਰ (ਲਾਈਵ ਸਰਟੀਫਿਕੇਟ) ਅਪਲੋਡ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਕੈਬਿਨਟ ਮੰਤਰੀ ਮਹਿੰਦਰ ਭਗਤ ਨੇ ਦਿੱਤੀ ਹੈ |

ਕੈਬਿਨਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਰੱਖਿਆ ਭਲਾਈ ਵਿਭਾਗ ਸੂਬੇ ‘ਚ ਰਹਿ ਰਹੇ ਸਾਬਕਾ ਫੌਜੀਆਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਚਨਵੱਧ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ |

ਮਹਿੰਦਰ ਭਗਤ ਨੇ ਦੱਸਿਆ ਕਿ ਕਿ ਇਸ ਵੇਲੇ ਪੰਜਾਬ ‘ਚ ਕੁੱਲ 4,33,000 ਸਾਬਕਾ ਫੌਜੀ (Ex-Servicemen) ਅਤੇ ਵਿਧਵਾਵਾਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਸਾਬਕਾ ਫੌਜੀਆਂ ਅਤੇ ਵਿਧਵਾਵਾਂ ਦੀ ਪੈਨਸ਼ਨ ‘ਸਪਰਸ਼’ ਪ੍ਰਣਾਲੀ ਦੁਆਰਾ ਦਿੱਤੀ ਜਾਣ ਲੱਗੀ ਹੈ। ਇਨ੍ਹਾਂ ਸਾਰੇ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ‘ਚ ਸਪਰਸ਼ ’ਤੇ ਆਪਣੇ ਲਾਈਵ ਸਰਟੀਫਿਕੇਟ ਅਪਲੋਡ ਕਰਨੇ ਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਜਾਰੀ ਰੱਖਿਆ ਜਾ ਸਕੇ।

ਮਹਿੰਦਰ ਭਗਤ ਨੇ ਕਿਹਾ ਕਿ ਬਹੁਤ ਸਾਰੇ ਸਾਬਕਾ ਫੌਜੀ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਤਕਨਾਲੋਜੀ ਤੋਂ ਅਣਜਾਨ ਹੁੰਦੇ ਹਨ, ਜਿਸਦੇ ਚੱਲਦੇ ਉਹਨਾ ਨੂੰ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ‘ਚ ਕਈ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਥੋੜੇ ਸਮੇਂ ਤੋਂ ਸਪਰਸ਼ ਪ੍ਰਣਾਲੀ ਪੈਨਸ਼ਨ ਵਿਤਰਣ ਲਈ ਅਪਣਾਈ ਹੈ, ਇਸ ਲਈ ਕਈ ਕਾਰਨਾ ਕਰਕੇ ਪੈਨਸ਼ਨ ਉਪਭੋਗਤਾਂਵਾਂ ਨੂੰ ਇਸ ਸਬੰਧੀ ਮੁਕੰਮਲ ਜਾਣਕਾਰੀ ਨਹੀ ਹੈ।

ਉਨ੍ਹਾਂ ਕਿਹਾ ਕਿ ਇਹਨਾਂ ਪੈਨਸ਼ਨਰਾਂ ਦੀ ਸਹੂਲਤ ਲਈ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾ ਦਫਤਰਾਂ ‘ਚ 11 ਨਵਬੰਰ 2024 ਤੋ 22 ਨਵੰਬਰ 2024 ਤੱਕ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਅਮ੍ਰਿਤਸਰ (ਨੋਡਲ ਅਫਸਰ) ਦੀ ਦੇਖ-ਰੇਖ ‘ਚ ਸਪਰਸ਼ ਪ੍ਰਣਾਲੀ ਰਾਹੀਂ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਸਾਬਕਾ ਫੌਜੀਆਂ ਅਤੇ ਉਹਨਾ ਦੇ ਪਰਿਵਾਰਾਂ ਨੂੰ ਸਪਰਸ਼ ਪ੍ਰਣਾਲੀ ਰਾਹੀਂ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ‘ਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਕੈਬਿਨਟ ਮੰਤਰੀ ਨੇ ਕਿਹਾ ਕਿ ਕੈਂਪ ਦੌਰਾਨ ਸਾਰੇ ਜ਼ਿਲ੍ਹਾ ਰੱਖਿਆ ਸੇਵਾਵਾ ਦਫਤਰਾਂ ਵਿਖੇ ਵੱਖਰੇ ਤੌਰ ‘ਤੇ ਸਪਰਸ਼ ਸੰਬੰਧੀ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ |

Scroll to Top