drug

ਨਸ਼ਿਆਂ ਦੀ ਮਹਾਂਮਾਰੀ ਨੂੰ ਨੱਥ ਪਾਉਣ ਦੀ ਮੰਗ ਲਈ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ

ਲੰਬੀ, 10 ਅਕਤੂਬਰ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਸੱਦੇ ‘ਤੇ ਘਰ ਘਰ ਸੱਥਰ ਵਿਛਾ ਰਹੇ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ (drug) ਵਿਰੁੱਧ ਸਾਂਝੀ ਲੋਕ ਲਹਿਰ ਉਸਾਰਨ ਵੱਲ ਸੇਧਤ ਨਸ਼ਾ ਵਿਰੋਧੀ ਮੁਹਿੰਮ ਦੇ ਦੂਜੇ ਪੜਾਅ ਦੇ ਸਿਖਰ ‘ਤੇ ਜ਼ਿਲ੍ਹਾ ਕਮੇਟੀ ਮੁਕਤਸਰ ਵੱਲੋਂ ਨਸ਼ਿਆਂ ਖ਼ਿਲਾਫ਼ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਧਰਨੇ ‘ਚ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸਰਕਾਰ ਦੇ ਨਾਂ ਮੰਗ ਪੱਤਰ ਲਿਆ ਅਤੇ ਨਸ਼ੇ ਨੂੰ ਨੱਥ ਪਾਉਣ, ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦਾ ਮੁਆਵਜ਼ਾ ਦੇਣ , ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ‘ਤੇ ਦਰਜ਼ ਕੇਸ ਵਾਪਸ ਲੈਣ ਵਰਗੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ।

ਇਸ ਮੌਕੇ ਜੁੜੇ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਕੁਲਦੀਪ ਸਿੰਘ ਕਰਮਗੜ੍ਹ, ਹਰਫੂਲ ਸਿੰਘ ਭਾਗਸਰ, ਮਲਕੀਤ ਸਿੰਘ ਗੱਗੜ, ਜਗਦੀਪ ਸਿੰਘ ਖੁੱਡੀਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕੀਤਾ। ਉਹਨਾਂ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਚਾਰ ਮਹੀਨਿਆਂ ਚ ਨਸ਼ੇ ਖਤਮ ਕਰਨ ਦੀ ਗਰੰਟੀ ਦੇਣ ਵਾਲੀ ਸਰਕਾਰ ਦੇ ਰਾਜ ਨਸ਼ਿਆਂ ਦੀ ਮਹਾਂਮਾਰੀ ਵਧ ਰਹੀ ਹੈ ਅਤੇ ਆਏ ਦਿਨ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੀ ਬਦੌਲਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।

ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਚਿੱਟੇ ਦੀ ਪੈਦਾਵਾਰ, ਵਪਾਰ ਅਤੇ ਘਰ ਘਰ ਵੰਡ ਵਡਾਈ ਨੂੰ ਅਣ-ਐਲਾਨੀ ਪ੍ਰਵਾਨਗੀ ਦੇਣ ਅਤੇ ਸੁਰੱਖਿਆ ਰੱਖਣ ਵਾਲ਼ੀ ਨੀਤੀ ਦਾ ਤਿਆਗ ਕਰੇ। ਸਰਕਾਰ ਵੱਲੋਂ ਵੱਡੀ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਤਰੁੰਤ ਹੱਥ ਲਿਆ ਜਾਵੇ। ਚਿੱਟੇ ਦੇ ਵਪਾਰ ਵਿੱਚ ਸ਼ਾਮਲ ਅਡਾਨੀ ਵਰਗੇ ਦੇਸ਼ੀ ਬਦੇਸ਼ੀ ਕਾਰਪੋਰੇਟ ਘਰਾਣਿਆਂ,ਉੱਚ ਅਫ਼ਸਰਸ਼ਾਹੀ, ਉੱਘੇ ਸਿਆਸਤਦਾਨਾਂ ਅਤੇ ਵੱਡੇ ਸਮਗਲਰਾਂ ਨੂੰ ਟਿੱਕਿਆ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪਿਛਲੇ ਸਾਲਾਂ ਦੋਰਾਨ ਉੱਘੇ ਤਸਕਰਾਂ ਵਲੋਂ ਪੁਲਿਸ ਹਿਰਾਸਤ ਚੋਂ ਪੁੱਛ ਪੜਤਾਲਾਂ ਦੌਰਾਨ ਨਸ਼ਰ ਹੋਈਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਲੀਆਂ ਨਸ਼ਾ ਫੈਕਟਰੀਆਂ ਦੇ ਮਾਲਕਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ।

ਹੋਰ ਨਸ਼ਾ ਫੈਕਟਰੀਆਂ ਦੇ ਮਾਲਕਾਂ ਅਤੇ ਉਹਨਾਂ ਦੀ ਵੰਡ ਵਡਾਈ ਕਰਨ ਵਾਲੇ ਢਾਂਚੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਇਸ ਨੂੰ ਤਬਾਹ ਕੀਤਾ ਜਾਵੇ। ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ (drug) ਦੀ ਪੈਦਾਵਾਰ ਤੇ ਵਪਾਰ ਕਰਨ ਵਾਲੇ ਪ੍ਰਮੁੱਖ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਨਵਾਂ ਕਾਨੂੰਨ ਪਾਸ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ। ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਢੁੱਕਵਾਂ ਪ੍ਰਬੰਧ ਕਰਕੇ ਉੱਚ ਪੱਧਰਾ ਮੈਡੀਕਲ ਇਲਾਜ ਅਤੇ ਮਨੋਵਿਗਿਆਨਕ ਇਲਾਜ ਕਰਨ ਵਾਲੇ ਮਾਹਰਾਂ ਦੀਆਂ ਸੇਵਾਵਾਂ ਹਰ ਇੱਕ ਕੇਂਦਰ ਵਿਚ ਮੁਹੱਈਆ ਕੀਤੀਆਂ ਜਾਣ। ਨਸ਼ਾ ਪੀੜਤਾਂ ਅਤੇ ਛੋਟੇ ਨਸ਼ਾ-ਪੀੜਤਾਂ ਅਤੇ ਛੋਟੇ ਨਸ਼ਾ ਵੰਡਕਾਂ ਦੇ ਮੁੜ ਵਸੇਬੇ ਲਈ ਢੁਕਵੇਂ ਨੀਤੀ ਕਦਮਾਂ ਨੂੰ ਤਹਿ ਕੀਤਾ ਜਾਵੇ ਅਤੇ ਅਮਲ ਵਿੱਚ ਲਿਆਂਦਾ ਜਾਵੇ। ਸ਼ਰਾਬ ਦੇ ਠੇਕਿਆਂ ਦਾ ਪਸਾਰ ਕਰਨ ਅਤੇ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਨੀਤੀ ਦਾ ਤਿਆਗ ਕੀਤਾ ਜਾਵੇ। ਪਿੰਡ ਦੀ ਅਤੇ ਸ਼ਹਿਰ ਦੀ ਆਬਾਦੀ ਦਾ ਮਤਾ ਪਾਸ ਹੋ ਜਾਣ ਵਾਲੀ ਥਾਂ ਤੋਂ ਸ਼ਰਾਬ ਦਾ ਠੇਕਾ ਖ਼ਤਮ ਕੀਤਾ ਜਾਵੇ। ਨਸ਼ਿਆਂ ਦੇ ਖ਼ਾਤਮੇ ਤੱਕ ਸੰਘਰਸ਼ ਜਾਰੀ ਰਹੇਗਾ।

Scroll to Top