ਚੰਡੀਗੜ੍ਹ, 23 ਮਈ 2023: ਬਰਨਾਲਾ (Barnala) ਅਧੀਨ ਪੈਂਦੇ ਪਿੰਡ ਠੀਕਰੀਵਾਲਾ ਵਿੱਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਵਿਅਕਤੀ ਜਿਸ ਦੀ ਲਾਸ਼ ਪਿੰਡ ਦੇ ਇੱਕ ਘਰ ਦੇ ਬਾਹਰ ਇੱਕ ਨਾਲੇ ਵਿੱਚ ਪਈ ਮਿਲੀ ਸੀ, ਜਿਸ ਦੇ ਸਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ ਅਤੇ ਉਸ ਘਰ ਦੇ ਅੰਦਰੋਂ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਦੋਵਾਂ ਮ੍ਰਿਤਕਾਂ ਵਿੱਚ ਲੜਕੀ ਦੀ ਉਮਰ ਕਰੀਬ 25 ਸਾਲ ਅਤੇ ਮ੍ਰਿਤਕ ਵਿਅਕਤੀ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਘਟਨਾ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ (Barnala) ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਪ੍ਰੇਮ ਪ੍ਰਸੰਗ ਦਾ ਮਾਮਲਾ ਜਾਪਦਾ ਹੈ। ਜਿਸ ਵਿੱਚ ਪਿੰਡ ਠੀਕਰੀਵਾਲਾ ਵਿੱਚ ਇੱਕ ਘਰ ਦੇ ਬਾਹਰ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਇਸੇ ਘਰ ਵਿੱਚ ਇੱਕ ਔਰਤ ਦੀ ਲਾਸ਼ ਵੀ ਬਰਾਮਦ ਹੋਈ ਹੈ, ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।