ਚੰਡੀਗੜ੍ਹ, 11 ਜੁਲਾਈ 2023: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹਾਈਵੇਅ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ | ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਜਣੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ।
ਜਾਣਕਾਰੀ ਮੁਤਾਬਕ ਦਿੱਲੀ-ਮੇਰਠ ਐਕਸਪ੍ਰੈੱਸਵੇਅ ‘ਤੇ ਤਾਜ ਹਾਈਵੇਅ ਦੇ ਫਲਾਈਓਵਰ ‘ਤੇ ਮੰਗਲਵਾਰ ਸਵੇਰੇ ਕਰਾਸਿੰਗ ਥਾਣਾ ਖੇਤਰ ‘ਚ ਇਕ ਸਕੂਲ ਬੱਸ ਅਤੇ ਇਕ ਟੀਯੂਵੀ ਕਾਰ ਦੀ ਟੱਕਰ ਹੋ ਗਈ। ਸਕੂਲ ਬੱਸ ਐਕਸਪ੍ਰੈੱਸ ਵੇਅ ‘ਤੇ ਗਲਤ ਦਿਸ਼ਾ ‘ਚ ਆ ਰਹੀ ਸੀ। ਕਾਰ ਵਿੱਚ ਸਵਾਰ ਪਰਿਵਾਰ ਮੇਰਠ ਤੋਂ ਦਿੱਲੀ ਵੱਲ ਜਾ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਮਿਲੀ ਹੈ ਕਿ ਪਰਿਵਾਰ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਜਾ ਰਿਹਾ ਸੀ।
ਕਾਰ ਅਤੇ ਬੱਸ ਦੀ ਟੱਕਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਨਾਲ ਲਾਸ਼ਾਂ ਕਾਰ ਵਿਚ ਫਸ ਗਈਆਂ। ਕਾਰ ਨੂੰ ਗੈਸ ਕਟਰ ਨਾਲ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗਾਜ਼ੀਆਬਾਦ ‘ਚ ਸੜਕ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।