ਚੰਡੀਗੜ੍ਹ 09 ਜਨਵਰੀ 2023: ਪੰਜਾਬ ਦੇ ਬਟਾਲਾ (Batala) ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ ਤਿੰਨ ਸਾਲ ਦੀ ਬੱਚੀ ਸਮੇਤ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਦੱਸੀਏ ਜਾ ਰਿਹਾ ਹੈ ਕਿ ਤੇਜ਼ ਰਫਤਾਰ ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਕਾਰ ਵਿੱਚ ਕੁੱਲ 6 ਜਣੇ ਸਵਾਰ ਸਨ। ਜਿਸ ‘ਚੋਂ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਦੋ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਦੂਜੇ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹਾਦਸਾ ਬਟਾਲਾ (Batala) ਦੇ ਪਿੰਡ ਮਿਸ਼ਰਪੁਰਾ ਵਿੱਚ ਇੱਕ ਪੈਟਰੋਲ ਪੰਪ ਨੇੜੇ ਵਾਪਰਿਆ। ਆਲਟੋ ਕਾਰ ਨੰਬਰ ਪੀਬੀ 18 ਐਚ 7799 ਵਿੱਚ ਸਵਾਰ ਇੱਕ ਪਰਿਵਾਰ ਦੇ ਮੈਂਬਰ ਇੱਕ ਵਿਆਹ ਸਮਾਗਮ ਤੋਂ ਘਰ ਜਾ ਰਹੇ ਸਨ। ਫਿਰ ਰਸਤੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਲਾ ਰਹੇ ਆਸ਼ੂ ਸਿੰਘ, ਮਾਤਾ ਸ਼ਿੰਦਰ ਕੌਰ ਵਾਸੀ ਬਟਾਲਾ, ਪਤੀ-ਪਤਨੀ ਗਗਨਜੋਤ ਕੌਰ ਅਤੇ ਪਰਮਜੀਤ ਵਾਸੀ ਚਹਿਲ ਕਲਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਆਸਪਾਸ ਦੇ ਲੋਕਾਂ ਨੇ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਨੇ ਪਹਿਲਾਂ ਵੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਪਰ ਉਹ ਮਾਮੂਲੀ ਸੱਟਾਂ ਲੱਗਣ ਨਾਲ ਵਾਲ-ਵਾਲ ਬਚ ਗਿਆ। ਬਾਅਦ ਵਿੱਚ ਇਹੀ ਕਾਰ ਦੂਜੇ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ।