Canada

ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਪਿੰਡ ਬੁਤਾਲਾ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਬਾਬਾ ਬਕਾਲਾ, 22 ਜਨਵਰੀ 2024: ਸੱਤ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ (Canada) ਗਏ ਬਾਬਾ ਬਕਾਲਾ ਸਾਹਿਬ ਤਹਿਸੀਲ ਦੇ ਪਿੰਡ ਬੁਤਾਲਾ ਦੇ 27 ਸਾਲਾ ਨੌਜਵਾਨ ਗੁਰਜੰਟ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ। ਗੁਰਜੰਟ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪਿੰਡ ‘ਚ ਹਰ ਪਾਸੇ ਸੋਗ ਦਾ ਮਾਹੌਲ ਹੈ ਅਤੇ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਗੁਰਜੰਟ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਬਹੁਤ ਚੰਗੇ ਸੁਭਾਅ ਦਾ ਸੀ। ਉਹ ਕਰੀਬ 5-6 ਸਾਲ ਪਹਿਲਾਂ ਕੰਮ ਲਈ ਸਿੰਗਾਪੁਰ ਗਿਆ ਸੀ। ਜਿਸ ਤੋਂ ਬਾਅਦ ਗੁਰਜੰਟ ਸਿੰਘ 7 ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਸਿੰਗਾਪੁਰ ਤੋਂ ਕੈਨੇਡਾ (Canada) ਗਿਆ ਸੀ।

ਉਸ ਨੇ ਦੱਸਿਆ ਕਿ 17 ਜਨਵਰੀ ਨੂੰ ਗੁਰਜੰਟ ਸਿੰਘ ਆਪਣੇ ਦੋ ਦੋਸਤਾਂ ਨਾਲ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਸੜਕ ਹਾਦਸੇ ਵਿੱਚ ਗੁਰਜੰਟ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਅਤੇ ਸਸਕਾਰ ਕਰ ਸਕਣ।

ਗੱਲਬਾਤ ਦੌਰਾਨ ਚਚੇਰੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਆਰਥਿਕ ਮੱਦਦ ਇਕੱਠੀ ਕੀਤੀ ਜਾ ਰਹੀ ਹੈ, ਜਿਸ ਲਈ ਕੈਨੇਡਾ ਵਿੱਚ ਮ੍ਰਿਤਕ ਗੁਰਜੰਟ ਸਿੰਘ ਦਾ ਚਚੇਰਾ ਭਰਾ ਨਿਰਮਲ ਸਿੰਘ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਮੱਦਦ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਮੱਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ |

ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਨੂੰ ਛੇਤੀ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਇਸ ਦੌਰਾਨ ਪਰਿਵਾਰ ਦੀ ਮੰਗ ਅਨੁਸਾਰ ਗੁਰਜੰਟ ਸਿੰਘ ਦੀ ਦੇਹ ਨੂੰ ਦਿੱਲੀ ਦੀ ਬਜਾਏ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇੰਟਰਨੈਸ਼ਨਲ ਵਿਖੇ ਲਿਆਂਦੀ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਸ ਦੌਰਾਨ ਕਾਗਜ਼ੀ ਕਾਰਵਾਈ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਸਮੇਂ ਸਿਰ ਕਰ ਸਕੇ।

Scroll to Top