ਚੰਡੀਗੜ੍ਹ,16 ਅਪ੍ਰੈਲ 2024: ਕੈਨੇਡਾ (Canada) ਦੇ ਸਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਮਜੀਠਾ ਵਿਧਾਨ ਸਭਾ ਹਲਕੇ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ (23) ਵਜੋਂ ਹੋਈ ਹੈ।
ਮ੍ਰਿਤਕ ਦੇ ਚਾਚਾ ਸੁਖਚੈਨ ਸਿੰਘ ਸੁੱਖ ਭੰਗੂ ਨੇ ਦੱਸਿਆ ਕਿ ਗੁਰਸਾਹਿਬ ਸਿੰਘ (23) ਪੁੱਤਰ ਪਲਵਿੰਦਰ ਸਿੰਘ ਬਾਠ ਵਾਸੀ ਪਿੰਡ ਮਹਿਦੀਪੁਰ ਥਾਣਾ ਮਜੀਠਾ ਕਰੀਬ ਇਕ ਮਹੀਨਾ ਪਹਿਲਾਂ 13 ਮਾਰਚ 2024 ਨੂੰ ਕੈਨੇਡਾ (Canada) ਦੇ ਸਰੀ ਵਿਖੇ ਪੜ੍ਹਾਈ ਲਈ ਗਿਆ ਸੀ।
ਜਦੋਂ ਉਹ ਕਾਲਜ ਤੋਂ ਪੈਦਲ ਆ ਰਿਹਾ ਸੀ ਤਾਂ ਅਚਾਨਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ 3 ਤੇਜ਼ ਰਫਤਾਰ ਵਾਹਨ ਆਪਸ ‘ਚ ਟਕਰਾ ਗਏ ਅਤੇ ਗੁਰਸਾਹਿਬ ਸਿੰਘ ਨੂੰ ਇਨ੍ਹਾਂ ਵਾਹਨਾਂ ਨੇ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੱਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਛੇਤੀ ਹੀ ਕੈਨੇਡਾ ਦਾ ਵੀਜ਼ਾ ਦਿੱਤਾ ਜਾ ਸਕੇ।