ਤਰਨ ਤਾਰਨ,17 ਮਈ 2023: ਪਿਛਲੇ ਸਾਲ ਸਿੱਕਮ ਦੇ ਬਾਰਡਰ (Sikkim border) ‘ਤੇ ਚੀਨੀ ਫੌਜੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਜ਼ਖਮੀ ਹੋਏ ਗੁਰਮੋਹਨ ਸਿੰਘ ਦੀ ਦਿੱਲੀ ਦੇ ਆਰ.ਆਰ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ | ਜਿਸਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਖਣਾ ਲਿਆਂਦੀ ਗਈ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ |
ਗੁਰਮੋਹਨ ਸਿੰਘ ਜੋ ਕਿ 2014 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ ਪਿਛਲੇ ਸਾਲ ਸਿੱਕਮ ਦੇ ਬਾਰਡਰ ‘ਤੇ ਚੀਨੀ ਫੌਜੀਆਂ ਨਾਲ ਹੋਈ ਝੜੱਪ ਦੌਰਾਨ ਉਸਦੀ ਬਾਂਹ ‘ਤੇ ਸੱਟ ਲੱਗ ਗਈ | ਜਿਸ ਸੰਬੰਧੀ ਉਸਦਾ ਇਲਾਜ ਜੰਮੂ ਦੇ ਸਤਵਾਰੀ ਹਸਪਤਾਲ ਵਿਚ ਚੱਲ ਰਿਹਾ ਸੀ ਉਸਦੇ ਬਾਅਦ ਉਸਨੂੰ ਊਧਮ ਸਿੰਘ ਨਗਰ ਭੇਜ ਦਿੱਤਾ, ਜਿੱਥੇ ਉਸਨੂੰ ਕੈਂਸਰ ਹੋ ਗਿਆ | ਉਸਦੇ ਬਾਅਦ ਉਸਦਾ ਇਲਾਜ ਆਰ.ਆਰ ਹਸਪਤਾਲ ਦਿੱਲੀ ਵਿਚ ਚੱਲ ਰਿਹਾ ਸੀ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ
ਗੁਰਮੋਹਨ ਸਿੰਘ ਆਪਣੇ ਪਰਿਵਾਰ ਵਿਚ ਆਪਣੇ ਮਾਤਾ ਪਿਤਾ ਭਰਾ ਅਤੇ ਇਕ ਭੈਣ ਨੂੰ ਛੱਡ ਗਿਆ ਹੈ | ਫੌਜ ਦੇ ਜਵਾਨਾਂ ਵਲੋਂ ਅੱਜ ਫੌਜੀ ਗੁਰਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਆਰਮੀ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲੱਗੇ |
ਇਸ ਮੌਕੇ ਪਰਿਵਾਰ ਵਲੋਂ ਮਾਲੀ ਸਹਾਇਤਾ ਨੇ ਨਾਲ ਨਾਲ ਪਿੰਡ ਯਾਦਗਾਰ ਬਣਾਉਣ ਅਤੇ ਪਿੰਡ ਦੇ ਸਕੂਲ ਦਾ ਇਸ ਫੌਜੀ ਦੇ ਨਾਂਅ ਤੇ ਰੱਖਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਹੈ | ਵਿਧਾਇਕ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਸਸਕਾਰ ਮੌਕੇ ਸ਼ਾਮਲ ਨਾ ਹੋਣ ‘ਤੇ ਪਰਿਵਾਰ ਨੇ ਰੋਸ ਜਤਾਇਆ ਹੈ | ਉਨਾਂ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੀ ਸਰਕਾਰ ਸ਼ਹੀਦਾਂ ਬਾਰੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਸ਼ਹੀਦ ਹੋਏ ਜਵਾਨ ਦੇ ਸਸਕਾਰ ਮੌਕੇ ਵਿਧਾਇਕ ਜਾਂ ਸਰਕਾਰੀ ਅਧਿਕਾਰੀ ਦਾ ਨਾਂ ਪੁੱਜਣਾ ਨਿਰਾਸ਼ ਕਰਦਾ ਹੈ |
ਸ਼ਹੀਦ ਗੁਰਮੋਹਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਦੀ ਮੰਗੇਤਰ ਪਰਮਜੀਤ ਕੌਰ ਵੀ ਪੁੱਜੀ, ਜਿਸਨੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਡੇਢ ਸਾਲ ਪਹਿਲਾਂ ਹੋਈ ਸੀ ਅਤੇ ਗੁਰਮੋਹਨ ਸਿੰਘ ਦੇ ਠੀਕ ਨਾ ਹੋਣ ਕਰਕੇ ਉਨ੍ਹਾਂ ਦਾ ਵਿਆਹ ਇਸ ਸਾਲ ਨਵੰਬਰ ਵਿਚ ਹੋਣਾ ਤਹਿ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ |