ਪਟਿਆਲਾ, 7 ਅਪ੍ਰੈਲ: ਪਟਿਆਲਾ ਦੇ ਘਨੌਰ (Ghanaur) ਇਲਾਕੇ ਵਿੱਚ ਪੀਆਰਟੀਸੀ ਦੀ ਬੱਸ ਨਾਲ ਟੱਕਰ ਇੱਕ ਨੌਜਵਾਨ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਪਰਿਵਾਰ ਦਾ ਇੱਕਲੌਤਾ ਪੁੱਤ ਸੀ । ਬੀਤੇ ਦਿਨ 6 ਅਪ੍ਰੈਲ ਨੂੰ ਹੋਏ ਇਸ ਹਾਦਸੇ ‘ਚ ਮ੍ਰਿਤਕ ਦੀ ਪਛਾਣ 21 ਸਾਲਾ ਮੋਹਿਤ ਮਿੱਤਲ ਵਜੋਂ ਹੋਈ ਹੈ । ਮੋਹਿਤ ਦੇ ਪਿਤਾ ਘਨੌਰ ਵਿੱਚ ਦੁੱਧ ਦੀ ਡੇਅਰੀ ਦਾ ਕਾਰੋਬਾਰ ਕਰਦੇ ਹਨ |
ਘਨੌਰ (Ghanaur) ਪੁਲਿਸ ਨੇ ਮੋਹਿਤ ਦੇ ਦੋਸਤ ਹਰਪ੍ਰੀਤ ਦੀ ਸ਼ਿਕਾਇਤ ’ਤੇ ਪੀਆਰਟੀਸੀ ਬੱਸ ਚਾਲਕ ਹਾਕਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਮਾਣਾ ਦਾ ਰਹਿਣ ਵਾਲਾ ਹਾਕਮ ਸਿੰਘ ਪਟਿਆਲਾ ਤੋਂ ਜੈਪੁਰ ਜਾਣ ਵਾਲੀ ਪੀਆਰਟੀਸੀ ਬੱਸ ਦਾ ਡਰਾਈਵਰ ਹੈ, ਜੋ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਘਨੌਰ ਰੂਟ ਰਾਹੀਂ ਬੱਸ ਲੈ ਰਿਹਾ ਸੀ।
ਹਰਪ੍ਰੀਤ ਦੇ ਬਿਆਨ ਮੁਤਾਬਕ ਉਹ ਆਪਣੇ ਦੋਸਤ ਮੋਹਿਤ ਨਾਲ ਜਾ ਰਿਹਾ ਸੀ। ਮੋਹਿਤ ਆਪਣੀ ਬਾਈਕ ‘ਤੇ ਜਾ ਰਿਹਾ ਸੀ ਜਦੋਂਕਿ ਹਰਪ੍ਰੀਤ ਆਪਣੀ ਬਾਈਕ ‘ਤੇ ਅਲੱਗ ਜਾ ਰਿਹਾ ਸੀ। ਪਿੰਡ ਹਰੀਗੜ੍ਹ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਪੀਆਰਟੀਸੀ ਬੱਸ ਨੇ ਮੋਹਿਤ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਮੋਹਿਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ‘ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਪੁਲਿਸ ਨੇ ਪੀਆਰਟੀਸੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਹੈ ਪਰ ਡਰਾਈਵਰ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।