ਫਗਵਾੜਾ 09 ਜਨਵਰੀ 2023: ਪੰਜਾਬ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ, ਪੰਜਾਬ ‘ਚ ਦੇਰ ਰਾਤ ਜਲੰਧਰ-ਲੁਧਿਆਣਾ ਦੇ ਵਿਚਕਾਰ ਪੈਂਦੇ ਫਗਵਾੜਾ (Phagwara) ਸ਼ਹਿਰ ‘ਚ ਲੁਟੇਰਿਆਂ ਨੇ ਇਕ ਪੁਲਿਸ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਲੁਟੇਰਿਆਂ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਕਮਲ ਬਾਜਵਾ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਫਗਵਾੜਾ (Phagwara) ਪੁਲਿਸ ਨੇ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ। ਫਿਲੌਰ ‘ਚ ਨਾਕਾਬੰਦੀ ‘ਤੇ ਬੈਠੀ ਪੁਲਿਸ ਦਾ ਲੁਟੇਰਿਆਂ ਨਾਲ ਮੁਕਾਬਲਾ ਹੋਇਆ। ਇਸ ਗੋਲੀਬਾਰੀ ਵਿੱਚ ਤਿੰਨ ਲੁਟੇਰਿਆਂ ਗੋਲੀਆਂ ਲੱਗੀਆਂ ‘ਤੇ ਜ਼ਖਮੀ ਹੋ ਗਏ | ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਉਸ ਦਾ ਇੱਕ ਚੌਥਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ |
ਪੁਲਿਸ ਨਾਲ ਹੋਏ ਮੁਕਾਬਲੇ ‘ਚ ਲੁਟੇਰਿਆਂ ਦੀਆਂ ਲੱਤਾਂ ਅਤੇ ਹੱਥਾਂ ‘ਤੇ ਗੋਲੀਆਂ ਲੱਗੀਆਂ ਹਨ। ਜ਼ਖਮੀ ਲੁਟੇਰਿਆਂ ਦੀ ਪਛਾਣ ਰਣਬੀਰ, ਵਿਸ਼ਨੂੰ ਅਤੇ ਕੁਲਵਿੰਦਰ ਵਜੋਂ ਹੋਈ ਹੈ। ਪੁਲਿਸ ਤਿੰਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਿਲੌਰ ਲੈ ਗਈ। ਜਿੱਥੇ ਦੋ ਦੀ ਹਾਲਤ ਨਾਜ਼ੁਕ ਹੋਣ ਅਤੇ ਗੋਲੀਆਂ ਲੱਗਣ ਕਾਰਨ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਪੁਲਿਸ ਤਿੰਨਾਂ ਨੂੰ ਲੈ ਕੇ ਜਲੰਧਰ ਪਹੁੰਚ ਗਈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਕ੍ਰੇਟਾ ਕਾਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਚਾਰ ਲੁਟੇਰਿਆਂ ਨੇ ਉਸ ਤੋਂ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਲਈ ਸੀ, ਉਹ ਵੀ ਪੁਲਿਸ ਮੁਲਾਜ਼ਮਾਂ ਦੇ ਨਾਲ ਆਪਣੀ ਕਾਰ ਦਾ ਪਿੱਛਾ ਕਰ ਰਹੇ ਸਨ ਪਰ ਲੁਟੇਰਿਆਂ ਨੇ ਪਿੰਡ ਦੇ ਕੱਚੇ ਰਸਤੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |