ਫਗਵਾੜਾ/ਚੰਡੀਗੜ੍ਹ, 03 ਦਸੰਬਰ 2024: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਕਿਹਾ ਹੈ ਕਿ ਸ਼ਹਿਰੀ ਖੇਤਰਾਂ ਦੀ 100 ਫੀਸਦੀ ਆਬਾਦੀ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ | ਇਸ ਤਹਿਤ ਭਵਿੱਖ ‘ਚ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਤਰਜੀਹ ਦਿੱਤੀ ਜਾਵੇਗੀ |
ਉਨ੍ਹਾਂ ਇਸ ਲਈ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਯਕੀਨੀ ਬਣਾਇਆ ਜਾਵੇਗਾ। ਇਸਦੇ ਨਾਲ ਹੀ ਮੰਤਰੀ ਡਾ.ਰਵਜੋਤ ਸਿੰਘ ਨੇ ਅੱਜ ਫਗਵਾੜਾ ‘ਚ 4.35 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ |
ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਨਗਰ ਨਿਗਮ ਅਤੇ ਨਗਰ ਕੌਂਸਲ ‘ਚ ਜਲ ਸਪਲਾਈ ਨਾਲ ਸਬੰਧਤ ਅਧਿਕਾਰੀਆਂ ਨੂੰ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ ।
ਡਾ.ਰਵਜੋਤ ਸਿੰਘ (Dr. Ravjot Singh) ਨੇ ਦੱਸਿਆ ਕਿ 4.35 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸੰਤੋਖਪੁਰਾ, ਗੋਬਿੰਦਪੁਰਾ, ਕੋਠੜਾ, ਨਕੋਦਰ ਰੋਡ, ਪੁਰੇਵਾਲ ਨਗਰ ਅਤੇ ਖਲਵਾੜਾ ਰੋਡ ਦੇ 8 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਮਿਲੇਗੀ।
ਇਸ ਕੰਮ ਲਈ 9 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ ਤਹਿਤ 1 ਹਜ਼ਾਰ ਤੋਂ ਵੱਧ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ। ਇਸ ਪੂਰੇ ਪ੍ਰੋਜੈਕਟ ਨੂੰ 27 ਮਈ 2025 ਤੱਕ ਪੂਰਾ ਕਰਨ ਦਾ ਟੀਚਾ ਹੈ।
ਮੰਤਰੀ ਨੇ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਪ੍ਰਗਤੀ ‘ਤੇ ਨੇੜਿਓਂ ਨਜ਼ਰ ਰੱਖਣ ਤਾਂ ਜੋ ਇਸ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਸਬੰਧੀ ਹਰ ਪੰਦਰਵਾੜੇ ਰਿਪੋਰਟ ਪੇਸ਼ ਕਰਨ।