ਸਮਰਾਲਾ, 18 ਮਈ 2023: ਅੱਜ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ. (ATM) ਵਿਚੋਂ ਪੈਸੇ ਕਢਵਾਉਣ ਲਈ ਆਏ ਇੱਕ ਵਿਅਕਤੀ ਨਾਲ ਇਨ੍ਹਾਂ ਨੌਸਰਵਾਜਾਂ ਵੱਲੋਂ ਬੜੀ ਹੀ ਚਾਲਾਕੀ ਨਾਲ ਉਸ ਦਾ ਕਾਰਡ ਬਦਲ ਕੇ ਠੱਗੀ ਮਾਰ ਲਈ ਗਈ। ਜਦੋਂ ਤੱਕ ਇਸ ਵਿਅਕਤੀ ਨੂੰ ਉਸ ਦਾ ਏ.ਟੀ.ਐੱਮ. ਕਾਰਡ ਬਦਲੇ ਜਾਣ ਦਾ ਪਤਾ ਲੱਗਿਆ, ਉਦੋਂ ਤੱਕ ਉਸ ਦੇ ਬੈਂਕ ਖਾਤੇ ਵਿਚੋਂ 80 ਹਜ਼ਾਰ ਰੁਪਏ ਦੀ ਰਕਮ ਉੱਡ ਚੁੱਕੀ ਸੀ।
ਸਮਰਾਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨੇੜਲੇ ਪਿੰਡ ਦਿਆਲਪੁਰਾ ਨਿਵਾਸੀ ਜੁਆਲਾ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਛੋਟੀ ਭੈਣ ਨਾਲ ਬੈਂਕ ਦੇ ਏ.ਟੀ.ਐੱਮ. ਵਿੱਚੋਂ ਆਪਣੀ ਭੈਣ ਦੇ 5 ਹਜ਼ਾਰ ਰੁਪਏ ਕਢਵਾਉਣ ਲਈ ਆਇਆ ਸੀ। ਏ.ਟੀ.ਐੱਮ. ਵਿੱਚੋਂ ਪੈਸੇ ਕਢਵਾਉਣ ਵੇਲੇ ਇੱਕ ਅਣਜਾਣ ਲੜਕਾ ਵੀ ਉੱਥੇ ਆ ਗਿਆ ਅਤੇ ਜਦੋਂ ਰਕਮ ਨਿਕਾਸੀ ਤੋਂ ਬਾਅਦ ਉਸ ਦੀ ਰਸੀਦ ਨਹੀਂ ਨਿਕਲੀ ਤਾਂ ਇਸ ਲੜਕੇ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ।
ਇੰਨੇ ਵਿਚ ਹੀ ਇਸ ਠੱਗ ਦੇ ਦੋ ਹੋਰ ਸਾਥੀ ਵੀ ਏ.ਟੀ.ਐੱਮ. (ATM) ਵਿਚ ਆ ਗਏ ਅਤੇ ਬਹੁਤ ਹੀ ਚਲਾਕੀ ਨਾਲ ਉਸ ਦਾ ਏ.ਟੀ.ਐੱਮ. ਕਾਰਡ ਬਦਲ ਕੇ ਲੈ ਗਏ ਅਤੇ ਉਸ ਨੂੰ ਜਦੋਂ ਕੁਝ ਸ਼ੱਕ ਹੋਇਆ ਤਾਂ ਜਿਹੜਾ ਕਾਰਡ ਉਸ ਨੂੰ ਇਹ ਠੱਗ ਦੇ ਕੇ ਗਏ ਉਹ ਪਹਿਲਾ ਤੋਂ ਹੀ ਬਲਾਕ ਕੀਤਾ ਹੋਇਆ ਸੀ। ਕੁਝ ਦੇਰ ਬਾਅਦ ਹੀ ਉਸ ਦੀ ਭੈਣ ਜਿਸ ਦਾ ਇਹ ਬੈਂਕ ਖਾਤਾ ਸੀ, ਉਸਨੂੰ ਨੂੰ ਵਾਰ-ਵਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਤਿੰਨ ਵਾਰ ਵਿਚ ਠੱਗਾਂ ਨੇ ਖਾਤੇ ਵਿਚੋਂ 80 ਹਜਾਰ ਰੁਪਏ ਦੀ ਰਕਮ ਉੱਡਾ ਲਈ। ਜੁਆਲਾ ਸਿੰਘ ਨੇ ਦੋਸ਼ ਲਗਾਇਆ ਕਿ, ਏ.ਟੀ.ਐੱਮ. ਕਾਰਡ ਬਦਲੇ ਜਾਣ ਦਾ ਸ਼ੱਕ ਹੁੰਦੇ ਹੀ ਉਸ ਨੇ ਤੁਰੰਤ ਬੈਂਕ ਅੰਦਰ ਜਾ ਕੇ ਏ.ਟੀ.ਐੱਮ. ਕਾਰਡ ਬਲਾਕ ਕਰਨ ਦਾ ਬਥੇਰਾ ਰੌਲਾ ਪਾਇਆ, ਪਰ ਕੋਈ ਸੁਣਵਾਈ ਨਹੀਂ ਹੋਈ।
ਦੂਜੇ ਪਾਸੇ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ, ਬੈਂਕ ਦੇ ਗਾਹਕ ਨੂੰ ਖਾਤੇ ਵਿਚੋਂ ਪੈਸੇ ਨਿਕਲਣ ਤੋਂ ਬਾਅਦ ਇਸ ਠੱਗੀ ਦਾ ਪਤਾ ਲੱਗਿਆ ਅਤੇ ਜਦੋਂ ਤੱਕ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ, ਉਸ ਵੇਲੇ ਤੱਕ 80 ਹਜ਼ਾਰ ਰੁਪਏ ਖਾਤੇ ਵਿੱਚੋਂ ਨਿਕਲ ਚੁੱਕੇ ਸਨ।ਇਸ ਠੱਗੀ ਦੇ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਥਾਣਾ ਐੱਸ.ਐੱਚ.ਓ. ਨੂੰ ਮਾਮਲਾ ਜਲਦੀ ਹੱਲ ਕਰਨ ਲਈ ਸੀ.ਸੀ.ਟੀ.ਵੀ. ਫੂਟੇਜ ਦੇ ਆਧਾਰ ’ਤੇ ਅਪਰਾਧੀਆਂ ਦੀ ਪਛਾਣ ਕਰਨ ਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।