July 7, 2024 4:13 pm
Radhakrishna Vikhe Patil

ਮਹਾਰਾਸ਼ਟਰ ਦੇ ਮੰਤਰੀ ‘ਤੇ ਵਿਅਕਤੀ ਨੇ ਸੁੱਟਿਆ ਹਲਦੀ ਪਾਊਡਰ, ਵਰਕਰਾਂ ਨੇ ਕੀਤੀ ਕੁੱਟਮਾਰ

ਚੰਡੀਗੜ, 8 ਸਤੰਬਰ 2023: ਮਹਾਰਾਸ਼ਟਰ (Maharashtra) ਦੇ ਮਾਲ ਮੰਤਰੀ ਰਾਧਾਕ੍ਰਿਸ਼ਨ ਵਿੱਖੇ ਪਾਟਿਲ ‘ਤੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਹਲਦੀ ਪਾਊਡਰ ਸੁੱਟ ਦਿੱਤਾ । ਦਰਅਸਲ, ਧਨਗਰ (ਚਰਵਾਹ) ਭਾਈਚਾਰੇ ਦੇ ਦੋ ਜਣਿਆ ਨੇ ਮਰਾਠਾ ਰਾਖਵਾਂਕਰਨ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਮੰਤਰੀ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਨੇ ਆਪਣੀਆਂ ਮੰਗਾਂ ਦਾ ਪੱਤਰ ਮੰਤਰੀ ਨੂੰ ਸੌਂਪਿਆ। ਰਾਧਾਕ੍ਰਿਸ਼ਨ ਨੇ ਪੱਤਰ ਪੜ੍ਹਨਾ ਸ਼ੁਰੂ ਕੀਤਾ, ਇਸੇ ਦੌਰਾਨ ਇਕ ਵਿਅਕਤੀ ਨੇ ਆਪਣੀ ਜੇਬ ਵਿਚੋਂ ਹਲਦੀ ਪਾਊਡਰ ਕੱਢ ਕੇ ਮੰਤਰੀ ਦੇ ਸਿਰ ‘ਤੇ ਪਾ ਦਿੱਤਾ।

ਵਿਅਕਤੀ ਦੀ ਇਸ ਹਰਕਤ ਤੋਂ ਬਾਅਦ ਮੌਕੇ ‘ਤੇ ਮੌਜੂਦ ਮੰਤਰੀ ਦੇ ਸਾਥੀਆਂ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਕੁੱਟਮਾਰ ਕੀਤੀ। ਇਹ ਘਟਨਾ ਸੋਲਾਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਰੈਸਟ ਹਾਊਸ ਵਿੱਚ ਵਾਪਰੀ। ਇਸ ਪੂਰੀ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਮੰਤਰੀ ‘ਤੇ ਹਲਦੀ ਛਿੜਕਣ ਵਾਲੇ ਵਿਅਕਤੀ ਦੀ ਪਛਾਣ ਸ਼ੇਖਰ ਬੰਗਲੇ ਵਜੋਂ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਆਪਣੇ ਭਾਈਚਾਰੇ ਦੇ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਕੀਤਾ ਹੈ। ਮੇਰੀ ਸਰਕਾਰ ਤੋਂ ਮੰਗ ਹੈ ਕਿ ਧਨਗਰ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐਸ.ਟੀ.) ਸ਼੍ਰੇਣੀ ਤਹਿਤ ਰਾਖਵਾਂਕਰਨ ਦਿੱਤਾ ਜਾਵੇ।

ਇਸ ਮਾਮਲੇ ‘ਤੇ ਮੰਤਰੀ ਰਾਧਾਕ੍ਰਿਸ਼ਨ ਵਿੱਖੇ ਪਾਟਿਲ ਨੇ ਕਿਹਾ ਕਿ ਇਸ ‘ਚ ਕੁਝ ਵੀ ਗਲਤ ਨਹੀਂ ਹੈ। ਹਲਦੀ ਪਾਊਡਰ ਨੂੰ ਧਾਰਮਿਕ ਰੀਤੀ ਰਿਵਾਜਾਂ ਵਿੱਚ ਵਰਤਿਆ ਜਾਂਦਾ ਹੈ, ਜੋ ਕਿ ਪਵਿੱਤਰ ਮੰਨਿਆ ਜਾਂਦਾ ਹੈ। ਮੈਂ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ।

ਪੱਤਰਕਾਰਾਂ ਨੇ ਮੰਤਰੀ ਨੂੰ ਪੁੱਛਿਆ ਕਿ ਤੁਹਾਡੇ ਸਾਥੀਆਂ ਨੇ ਬੰਦੇ ਦੀ ਕੁੱਟਮਾਰ ਕੀਤੀ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਇਸ ਦੇ ਜਵਾਬ ‘ਚ ਰਾਧਾਕ੍ਰਿਸ਼ਨ ਨੇ ਕਿਹਾ ਕਿ ਉਸ ਸਮੇਂ ਸਾਥੀਆਂ ਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਹੈ, ਇਹ ਇਕ ਦਮ ਹੋਇਆ ਸੀ। ਹਾਲਾਂਕਿ, ਬਾਅਦ ਵਿੱਚ ਮੈਂ ਆਪਣੇ ਸਾਥੀਆਂ ਨੂੰ ਸ਼ੇਖਰ ਦੇ ਪਿੱਛੇ ਜਾਣ ਤੋਂ ਰੋਕ ਦਿੱਤਾ।