BSF

ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋਣ ਵਾਲੇ ਵਿਅਕਤੀ ਨੂੰ BSF ਨੇ ਮਾਰਿਆ

ਤਰਨ ਤਾਰਨ, 04 ਅਗਸਤ 2023: ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਕੇ ਭਾਰਤੀ ਖੇਤਰ ‘ਚ ਦਾਖ਼ਲ ਹੋਏ ਇੱਕ ਕਥਿਤ ਪਾਕਿਸਤਾਨੀ ਨੂੰ ਬੀ. ਐੱਸ. ਐੱਫ. (BSF) ਵੱਲੋਂ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀ. ਐੱਸ. ਐੱਫ. ਅਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਇਸ ਕਾਰਵਾਈ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਮੌਜੂਦ ਬੀ. ਓ. ਪੀ. ਖਾਲੜਾ ਦੇ ਪਿੱਲਰ ਨੰਬਰ 131/13 ਨਜ਼ਦੀਕ ਤੜਕਸਾਰ ਕਰੀਬ 4 ਵਜੇ ਬੀ. ਐੱਸ. ਐੱਫ. ਦੀ 71 ਬਟਾਲੀਅਨ ਨੂੰ ਕੁੱਝ ਹਲਚਲ ਹੁੰਦੀ ਨਜ਼ਰ ਆਈ। ਜਦੋਂ ਹਲਚਲ ਨਾ ਰੁਕੀ ਤਾਂ ਬੀ. ਐੱਸ. ਐੱਫ. (BSF) ਦੇ ਜਵਾਨਾਂ ਵੱਲੋਂ ਲਲਕਾਰਾ ਮਾਰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਇੱਕ ਕਥਿਤ ਪਾਕਿਸਤਾਨੀ ਨਾਗਰਿਕ ਜੋ ਭਾਰਤੀ ਖੇਤਰ ‘ਚ ਦਾਖ਼ਲ ਹੋ ਚੁੱਕਾ ਸੀ, ਜਿਸ ਨੂੰ ਢੇਰ ਕਰ ਦਿੱਤਾ ਗਿਆ।

ਇਸ ਕਾਰਵਾਈ ਤੋਂ ਬਾਅਦ ਬੀ. ਐੱਸ. ਐੱਫ. ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈਂਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਸਮੇਤ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਹੈ।

Scroll to Top