ਚੰਡੀਗੜ੍ਹ, 23 ਜੂਨ 2023: ਜਲੰਧਰ-ਨਕੋਦਰ (Jalandhar-Nakodar) ਹਾਈਵੇਅ ‘ਤੇ ਸ਼ੁੱਕਰਵਾਰ ਸਵੇਰੇ ਕਰੀਬ 3.30 ਵਜੇ ਇਕ ਤੇਜ਼ ਰਫਤਾਰ ਕੈਂਟਰ ਨੇ ਸੜਕ ਕਿਨਾਰੇ ਖੜ੍ਹੇ ਪੈਂਚਰ ਹੋਏ ਟਰੱਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਦਾ ਟਾਇਰ ਬਦਲ ਰਹੇ ਦੋ ਡਰਾਈਵਰਾਂ ਨੂੰ ਕੈਂਟਰ ਨੇ ਦਰੜ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਥਾਣੇ ਦੇ ਪਿੰਡ ਸਿੰਘਾ ਨੇੜੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਡਰਾਈਵਰ ਜੈਕ ਲਗਾ ਕੇ ਗੱਡੀ ਦੇ ਪੈਂਚਰ ਹੋਏ ਟਾਇਰ ਨੂੰ ਬਦਲ ਰਹੇ ਸਨ । ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਦੋਵਾਂ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।