ਚੰਡੀਗੜ੍ਹ 20 ਅਪ੍ਰੈਲ 2024: ਪੰਜਾਬ ‘ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਜ਼ਿਲ੍ਹੇ ‘ਚ ਚਾਕਲੇਟ (chocolate) ਖਾਣ ਨਾਲ ਡੇਢ ਸਾਲ ਦੀ ਬੱਚੀ ਰਾਵਿਆ ਦੀ ਸਿਹਤ ਵਿਗੜ ਗਈ ਹੈ। ਹਾਲਤ ਇੰਨੀ ਗੰਭੀਰ ਹੋ ਗਈ ਕਿ ਬੱਚੀ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਜ਼ਿਲ੍ਹਾ ਪਟਿਆਲਾ ਦੇ ਖਿਆਲਾ ਦਾ ਹੈ |
ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਵਿੱਕੀ ਦਾ ਕਹਿਣਾ ਹੈ ਕਿ ਬੱਚੀ ਨੂੰ ਘਰ ਆਉਣ ‘ਤੇ ਚਾਕਲੇਟ, ਕੁਰਕੁਰੇ, ਜੂਸ ਆਦਿ ਦੀ ਬਕੇਟ ਤੋਹਫ਼ੇ ਵਜੋਂ ਦਿੱਤੀ ਸੀ। ਲੁਧਿਆਣਾ ਘਰ ਪਰਤਣ ਤੋਂ ਬਾਅਦ ਜਦੋਂ ਬੱਚੀ ਨੇ ਚਾਕਲੇਟ (chocolate) ਖਾਣ ਲਈ ਦਿੱਤੀ ਤਾਂ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਇੱਕ 22 ਸਾਲਾ ਲੜਕੀ ਨੇ ਵੀ ਤੋਹਫੇ ਵਿੱਚੋਂ ਚਾਕਲੇਟ ਖਾਧੀ ਪਰ ਬੀਮਾਰ ਮਹਿਸੂਸ ਕਰਨ ਤੋਂ ਬਾਅਦ ਉਹ ਠੀਕ ਹੋ ਗਈ। ਪਰ ਡੇਢ ਸਾਲ ਦੀ ਬੱਚੀ ਦੀ ਸਿਹਤ ਵਿਗੜ ਗਈ।
ਜਦੋਂ ਬਕੇਟ ਦੀ ਜਾਂਚ ਕੀਤੀ ਗਈ ਤਾਂ ਜੋ ਸਮਾਨ ਪੈਕ ਕੀਤਾ ਗਿਆ ਸੀ ਉਸਦੀ ਮਿਆਦ ਖ਼ਤਮ (ਐਕਸਪਾਇਰ) ਹੋ ਚੁੱਕੀ ਸੀ। ਪਰਿਵਾਰਕ ਮੈਂਬਰ ਵਿੱਕੀ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਮਿਠਾਈ ਵਾਲੀ ਦੁਕਾਨ ‘ਤੇ ਪੁੱਜੇ ਅਤੇ ਛਾਪੇਮਾਰੀ ਕੀਤੀ ਤਾਂ ਦੁਕਾਨ ‘ਚੋਂ ਹੋਰ ਸਾਮਾਨ ਐਕਸਪਾਇਰ ਮਿਲਿਆ, ਜਿਸ ਨੂੰ ਟੀਮ ਨੇ ਜ਼ਬਤ ਕਰ ਲਿਆ। ਦੁਕਾਨ ‘ਤੇ ਛਾਪੇਮਾਰੀ ਸਮੇਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਪੁਲਿਸ ਟੀਮ ਵੀ ਮੌਕੇ ‘ਤੇ ਮੌਜੂਦ ਸੀ | ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਸਿਹਤ ਵਿਭਾਗ ਨੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।