July 2, 2024 9:47 pm
Australia

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਮਾਮਲੇ ‘ਚ ਨਵਾਂ ਖ਼ੁਲਾਸਾ

ਚੰਡੀਗੜ੍ਹ, 12 ਮਾਰਚ 2024: ਆਸਟ੍ਰੇਲੀਆ (Australia) ‘ਚ ਪਿਛਲੇ ਹਫਤੇ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਦੀ ਗੁੱਥੀ ਸੁਲਝ ਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਤਲ ਦਾ ਦੋਸ਼ੀ ਸਵੇਤਾ ਦਾ ਘਰਵਾਲਾ ਅਸ਼ੋਕ ਰਾਜ ਵੈਰੀਕੁੱਪਲਾ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਉਹ ਹੈਦਰਾਬਾਦ ਵਾਪਸ ਆ ਗਿਆ। ਉਹ ਆਪਣੇ ਸਹੁਰੇ ਘਰ ਗਿਆ, ਆਪਣੇ ਤਿੰਨ ਸਾਲਾ ਪੁੱਤ ਨੂੰ ਸਹੁਰੇ ਦੇ ਹਵਾਲੇ ਕਰ ਕੇ ਭੱਜ ਗਿਆ।

ਹੈਦਰਾਬਾਦ ਦੇ ਉੱਪਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਬੰਦਾਰੀ ਲਕਸ਼ਮਾ ਰੈੱਡੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਇਸ ਘਟਨਾਕ੍ਰਮ ਦੀ ਪੁਸ਼ਟੀ ਹੋਈ ਹੈ। ਵਿਧਾਇਕ ਮੁਤਾਬਕ ਸਵੇਤਾ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਅਸ਼ੋਕ ਉਨ੍ਹਾਂ ਦੇ ਬੇਟੇ ਆਰਿਆ ਨੂੰ ਸੌਂਪਣ ਆਇਆ ਤਾਂ ਉਨ੍ਹਾਂ ਨੇ ਆਪਣੀ ਘਰਵਾਲੀ ਦੇ ਕਤਲ ਦੀ ਗੱਲ ਵੀ ਕਥਿਤ ਤੌਰ ‘ਤੇ ਕਬੂਲ ਕਰ ਲਈ ਸੀ।

ਇਹ ਮਾਮਲਾ 9 ਮਾਰਚ ਦਾ ਹੈ, ਜਦੋਂ ਵਿਕਟੋਰੀਆ (Australia) ਸੂਬੇ ਦੇ ਬਕਲੀ ਇਲਾਕੇ ਤੋਂ ਮ੍ਰਿਤਕ ਬੀਬੀ ਚੈਤਨਿਆ ਸਵੇਤਾ ਦੀ ਲਾਸ਼ ਬਰਾਮਦ ਹੋਈ। ਇਸ ਦੌਰਾਨ ਉਸ ਦਾ ਪਤੀ ਅਸ਼ੋਕ ਆਪਣੇ ਬੇਟੇ ਨਾਲ ਭਾਰਤ ਲਈ ਰਵਾਨਾ ਹੋ ਗਿਆ। ਜਿਕਰਯੋਗ ਹੈ ਕਿ ਲਗਭਗ ਉਸ ਸਮੇਂ ਜਦੋਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ ਸੀ ਤਾਂ ਸਵੇਤਾ ਵੀ ਲਾਪਤਾ ਹੋ ਗਈ ਸੀ। ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਵੇਤਾ ਉਸ ਵਿਅਕਤੀ ਨੂੰ ਜਾਣਦੀ ਸੀ ਜਿਸ ਨੇ ਉਸ ਦਾ ਕਤਲ ਕੀਤਾ ਸੀ। ਹਾਲਾਂਕਿ, ਅਜੇ ਕੁਝ ਵੀ ਠੋਸ ਕਹਿਣਾ ਜਲਦਬਾਜ਼ੀ ਹੋਵੇਗੀ। ਪਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕਾਤਲ ਆਸਟ੍ਰੇਲੀਆ ਛੱਡ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਦੇ ਉੱਪਲ ਦੇ ਵਿਧਾਇਕ ਬੰਦਾਰੀ ਲਕਸ਼ਮਾ ਰੈੱਡੀ ਨੇ ਦੱਸਿਆ ਕਿ ਸ਼ਵੇਤਾ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਧਾਨ ਸਭਾ ਹਲਕੇ ‘ਚ ਰਹਿੰਦੇ ਹਨ। ਆਸਟ੍ਰੇਲੀਆ ‘ਚ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ ‘ਤੇ ਉਹ ਸਵੇਤਾ ਦੇ ਮਾਤਾ-ਪਿਤਾ ਨੂੰ ਮਿਲਣ ਗਿਆ। ਪਰਿਵਾਰ ਦੀ ਅਪੀਲ ‘ਤੇ ਉਨ੍ਹਾਂ ਨੇ ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਤਾਂ ਜੋ ਸਵੇਤਾ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾ ਸਕੇ।

ਰੈਡੀ ਨੇ ਅੱਗੇ ਦੱਸਿਆ ਕਿ ਸ਼ਵੇਤਾ ਦਾ ਘਰਵਾਲਾ ਕੁਝ ਦਿਨ ਪਹਿਲਾਂ ਘਰ ਆਇਆ ਸੀ। ਉਹ ਆਪਣੇ ਪੁੱਤ ਨੂੰ ਉੱਥੇ ਛੱਡ ਕੇ ਚਲਾ ਗਿਆ। ਇਸ ਦੌਰਾਨ ਉਸ ਨੇ ਕਥਿਤ ਤੌਰ ‘ਤੇ ਸਵੇਤਾ ਦੇ ਕਤਲ ਦੀ ਗੱਲ ਵੀ ਕਬੂਲੀ। ਇਸ ਦੌਰਾਨ ਹੈਦਰਾਬਾਦ ਦੇ ਕੁਸਾਈਗੁਡਾ ਥਾਣੇ ਦੇ ਇੰਸਪੈਕਟਰ ਨੇ ਆਸਟ੍ਰੇਲੀਅਨ ਅਖਬਾਰ ਨੂੰ ਦੱਸਿਆ – ਸਾਡੇ ਕੋਲ ਫਿਲਹਾਲ ਸੂਚਨਾ ਹੈ ਕਿ ਅਸ਼ੋਕ ਆਪਣੇ ਸਹੁਰੇ ਘਰ ਆਇਆ ਸੀ, ਬੇਟੇ ਨੂੰ ਸੌਂਪ ਕੇ ਚਲਾ ਗਿਆ ਸੀ। ਸਵੇਤਾ ਦੇ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜੇਕਰ ਉਹ ਸ਼ਿਕਾਇਤ ਦਰਜ ਕਰਵਾਉਣਗੇ ਤਾਂ ਸਵੇਤਾ ਦੇ ਘਰਵਾਲੇ ਨੂੰ ਲੱਭ ਲਿਆ ਜਾਵੇਗਾ।