7 ਨਵੰਬਰ 2024: ਫ਼ਿਰੋਜ਼ਪੁਰ ਪੁਲਿਸ (ferozpur police) ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ 80 ਸਾਲ ਦੀ ਬਜ਼ੁਰਗ ਮਾਤਾ ਜੋ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ ਉਸ ਉੱਪਰ ਜਬਰੀ ਝੋਨਾ ਵੱਢਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਦੱਸ ਦੇਈਏ ਕਿ ਪ੍ਰੈੱਸ ਕਾਨਫਰੰਸ (press conference) ਦੌਰਾਨ ਗੱਲਬਾਤ ਕਰਦੇ ਹੋਏ 80 ਸਾਲ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਹ ਫ਼ਿਰੋਜ਼ਪੁਰ ਦੇ ਪਿੰਡ ਗੱਟੀ ਰਹੀਮੇ ਕੇ ਦੇ ਰਹਿਣ ਵਾਲੇ ਹਨ ਅਤੇ ਪੁਲਿਸ ਨੇ ਉਨ੍ਹਾਂ ਦੀ ਹੀ ਜਮੀਨ ਉੱਤੇ ਝੋਨਾ ਵੱਢਣ ਨੂੰ ਲੈਕੇ ਉਸਦੇ ਪੁੱਤਰਾਂ ਅਤੇ ਉਸ ਉੱਪਰ ਝੂਠਾ ਮਾਮਲਾ ਦਰਜ ਕੀਤਾ ਹੈ। ਜਦ ਕਿ ਮਾਲਕੀ ਰਿਕਾਰਡ ਦੇ ਵਿੱਚ ਜਮੀਨ ਉਸਦੇ ਨਾਮ ਬੋਲਦੀ ਹੈ।
ਉਥੇ ਹੀ ਮਾਤਾ ਨੇ ਦੱਸਿਆ ਕਿ ਇਸ ਜਮੀਨ ਤੇ ਸੁਰਜੀਤ ਸਿੰਘ ਪੁੱਤਰ ਕੱਕਾ ਸਿੰਘ ਜੋ ਐਸ.ਸੀ ਵਿੰਗ ਦਾ ਬਲਾਕ ਪ੍ਰਧਾਨ ਹੈ। ਉਸ ਵੱਲੋਂ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਲਗਾਤਾਰ ਉਨ੍ਹਾਂ ਉੱਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਤੇ ਸਾਡੀ ਜਮੀਨ ਉੱਤੇ ਕਬਜ਼ਾ ਕਰਨ ਲਈ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਉਹ ਕਈ ਵਾਰ ਪੁਲਿਸ ਅੱਗੇ ਗੁਹਾਰ ਲਗਾ ਚੁੱਕੇ ਹਨ। ਪਰ ਪੁਲਿਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਉਨ੍ਹਾਂ ਕਿਹਾ ਇਹ ਸਭ ਬਲਾਕ ਪ੍ਰਧਾਨ ਦਬਾਅ ਪਾਕੇ ਕਰਾਂ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਮਾਲ ਵਿਭਾਗ ਕੋਲੋਂ ਬਰੀਕੀ ਨਾਲ ਜਾਂਚ ਕਰਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਥਾਣਾ ਸਦਰ ਦੇ ਐਸ.ਐਚ. ਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ਼ ਕੁਲਵੰਤ ਸਿੰਘ ਨੂੰ ਸੁਰਜੀਤ ਸਿੰਘ ਸਿੰਘ ਨੇ ਬਿਆਨ ਲਿਖਾਏ ਸਨ। ਕਿ ਜੋਗਿੰਦਰ ਦੇ ਪਰਿਵਾਰ ਨੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ ਜਬਰੀ ਉਸਦਾ ਝੋਨਾ ਵੱਢਿਆ ਹੈ। ਜਿਸਦੇ ਬਿਆਨਾਂ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ। ਪਰ ਫਿਰ ਵੀ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਾਉਣਗੇ ਅਗਰ ਪੀੜਤ ਪਰਿਵਾਰ ਸਹੀ ਪਾਇਆ ਗਿਆ ਤਾਂ ਉਨ੍ਹਾਂ ਨੂੰ ਇਨਸਾਫ਼ ਜਰੂਰ ਦਿੱਤਾ ਜਾਵੇਗਾ।