ਚੰਡੀਗੜ੍ਹ 17 ਜਨਵਰੀ 2023: ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਨਕਲੀ ਬੀਜਾਂ ਨਾਲ ਕਿਸੇ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਹੋਵੇਗਾ ਅਤੇ ਕਿਸਾਨ ਦੀ ਲੁੱਟ ਨਹੀਂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਇੱਕ ਬੀਜ ਐਪ ਜਾਰੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਉਹੀ ਫ਼ਸਲ ਬੀਜਾਂਗੇ, ਜੋ ਪੰਜਾਬ ਅਤੇ ਸਰਕਾਰ ਦੇ ਹਿੱਤ ਵਿੱਚ ਹੋਵੇਗੀ।
ਪੰਜਾਬ ਵਿੱਚ 31 ਮਾਰਚ ਤੱਕ ਨਵੀਂ ਖੇਤੀ ਨੀਤੀ (New agricultural Policy) ਬਣਾਈ ਜਾਵੇਗੀ ਅਤੇ ਇਸ ਲਈ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਪੰਜਾਬ ਸਰਕਾਰ ਵੱਲੋਂ 12 ਫਰਵਰੀ ਨੂੰ ਲੁਧਿਆਣਾ ਵਿਖੇ ਕਿਸਾਨ ਮਿਲਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਰਾਜ ਦਾ ਆਪਣਾ ਅਧਿਕਾਰ ਹੈ ਕਿ ਕਿਹੜੇ ਬੀਜਾਂ ਨੂੰ ਮਾਨਤਾ ਦਿੱਤੀ ਜਾਵੇ ਜਾਂ ਨਾ ਅਤੇ ਸਭ ਕੁਝ ਕੇਂਦਰ ਸਰਕਾਰ ਦੇ ਅਨੁਸਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਨੀਤੀ ਲਈ ਕਿਸਾਨਾਂ ਦੇ ਵਿਚਾਰ ਲਏ ਜਾਣਗੇ, ਇਸਦੇ ਨਾਲ ਹੀ ਕਿਸਾਨਾਂ ਜਥੇਬੰਦੀ ਦੀ ਵੀ ਸਲਾਹ ਲਈ ਜਾਵੇਗੀ | ਦੂਜੇ ਪਾਸੇ ਪੱਤਰਕਾਰਾਂ ਦੀ ਵੀ ਸਲਾਹ ਲਈ ਜਾਵੇਗੀ ਜੋ ਖੇਤੀਬੜੀ ਸੰਬੰਧੀ ਕਵਰ ਕਰਦੇ ਹਨ |
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਦੋਂ ਕਿਸੇ ਨੂੰ ਪਤਾ ਲੱਗੇਗਾ ਕਿ ਕੋਈ ਏਜੰਸੀ ਜਾਂ ਵਿਅਕਤੀ ਨਕਲੀ ਬੀਜ ਵੇਚ ਰਿਹਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਬੀਜ ਫੈਕਟਰੀਆਂ ਜਾਂ ਕੰਪਨੀਆਂ ਕਿਸਾਨਾਂ ਨੂੰ ਗੁੰਮਰਾਹ ਕਰਦੀਆਂ ਸਨ। ਅਸੀਂ ਪੰਜਾਬ ਦੀ ਧਰਤੀ ‘ਤੇ ਨਕਲੀ ਬੀਜ ਨਹੀਂ ਵੇਚਣ ਦਿੱਤੇ |