ਮੋਹਾਲੀ, 27 ਜੂਨ 2023: ਮੋਹਾਲੀ ਵਿੱਚ ਜਲਦੀ ਹੀ ਇੱਕ ਆਧੁਨਿਕ ਜ਼ਿਲ੍ਹਾ ਪ੍ਰੈਸ ਕਲੱਬ (Press Club) ਬਣਾਇਆ ਜਾਵੇਗਾ, ਜਿਸ ਲਈ ਗਮਾਡਾ ਨਾਲ ਮੀਟਿੰਗ ਕਰਕੇ ਕਿਸੇ ਢੁੱਕਵੀਂ ਥਾਂ ’ਤੇ ਜ਼ਮੀਨ ਅਲਾਟ ਕੀਤੀ ਜਾਵੇਗੀ, ਤਾਂ ਜੋ ਪੱਤਰਕਾਰ ਇੱਕ ਥਾਂ ’ਤੇ ਬੈਠ ਕੇ ਆਪਣਾ ਕੰਮ ਕਰ ਸਕਣ। ਇਹ ਪ੍ਰਗਟਾਵਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਚੇਤਨ ਸਿੰਘ ਜੋੜੇਮਾਜਰਾ ਮੰਗਲਵਾਰ ਨੂੰ ਪ੍ਰੈੱਸ ਕਲੱਬ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।
ਮੋਹਾਲੀ ਪ੍ਰੈੱਸ ਕਲੱਬ (Press Club) ਵੱਲੋਂ ਸਹੁੰ ਚੁੱਕ ਸਮਾਗਮ ਸੈਕਟਰ-71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਲੱਬ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ | ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਚੇਤਨ ਜੋੜੇਮਾਜਰਾ ਨੇ ਕਿਹਾ ਕਿ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰੈਸ ਦੀ ਆਜ਼ਾਦੀ ਜ਼ਰੂਰੀ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਕਸਦ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ ਹੈ, ਸਗੋਂ ਉਨ੍ਹਾਂ ਦਾ ਮਕਸਦ ਗੁਰਬਾਣੀ ਨੂੰ ਹਰ ਘਰ ਤੱਕ ਪਹੁੰਚਾਉਣਾ ਹੈ, ਪਰ ਵਿਰੋਧੀਆਂ ਦਾ ਕੰਮ ਮੁੱਖ ਮੰਤਰੀ ਦੀ ਹਰ ਗੱਲ ‘ਤੇ ਨੁਕਤਾਚੀਨੀ ਕਰਨਾ ਹੈ | ਮੁੱਖ ਮੰਤਰੀ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਨ, ਜਿਸ ਕਾਰਨ ਵਿਰੋਧੀਆਂ ਨੂੰ ਈਰਖਾ ਹੋ ਰਹੀ ਹੈ।